ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਰਾਜ ਭਵਨ 'ਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਇਹ ਪਹਿਲਾ ਵਿਸਥਾਰ ਹੈ। ਇਸ ਲਈ ਸ਼ਾਮ 5 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਮੰਤਰੀ ਮੰਡਲ 'ਚ 4 ਜਾਂ 5 ਨਵੇਂ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਵਿੱਚ ਇੱਕ ਮਹਿਲਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਹੋ ਸਕਦੇ ਹਨ।

ਪੰਜਾਬ ਦੇ ਰਾਜਪਾਲ ਨਵੇਂ ਮੰਤਰੀਆਂ ਨੂੰ ਸਹੁੰ ਚਕਾਉਣਗੇ। ਇਸ ਦੌਰਾਨ ਫੌਜਾ ਸਿੰਘ ਸਰਾਰੀ ਦਾ ਨਾਂ ਵੀ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਫੌਜਾ ਸਿੰਘ ਆਪਣੇ ਘਰੋਂ ਚੰਡੀਗੜ੍ਹ ਵੱਲ ਰਵਾਨਾ ਚੁੱਕੇ ਹੋ ਹਨ। 


ਕੌਣ ਹਨ ਫੌਜਾ ਸਿੰਘ



ਫੌਜਾ ਸਿੰਘ ਗੁਰਹਰਸਾਏ ਤੋਂ ਆਪ ਦੇ ਵਿਧਾਇਕ ਹਨ ਜਿਨ੍ਹਾਂ ਨੇ 2022 ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ ਫੌਜਾ ਸਿੰਘ ਰਾਣਾ ਵੀ ਕਿਹਾ ਜਾਂਦਾ ਹੈ। ਵਿਧਾਨ ਸਭਾ ਚੋਣਾਂ ਸਮੇਂ ਫੌਜਾ ਸਿੰਘ ਕਾਫੀ ਸਰਗਰਮ ਰਹੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਸੀ। 


ਪੰਜਾਬ ਵਿਧਾਨ ਸਭਾ ਵਿੱਚ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਉਹ ਕਾਫੀ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਇਸ ਵਾਰ ਉਨ੍ਹਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਤੇ ਗੁਰਹਰਸਾਏ ਤੋਂ ਵਿਧਾਇਕ ਚੁਣੇ ਗਏ। 


ਪੰਜਾਬ ਪੁਲਿਸ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਫੌਜਾ ਸਿੰਘ ਸਰਾਰੀ ਨੇ 2020 ਵਿੱਚ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ਸੇਵਾਮੁਕਤੀ ਤੋਂ ਬਾਅਦ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ।


1982 ਵਿੱਚ ਰਾਮ ਸੁਖ ਦਾਸ ਕਾਲਜ ਫਿਰੋਜ਼ਪੁਰ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਸਰਾਰੀ 1984 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ। ਕਰੀਬ 36 ਸਾਲ ਸੇਵਾ ਕਰਨ ਤੋਂ ਬਾਅਦ ਉਹ ਬਠਿੰਡੇ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਇਆ ਤੇ ਹਾਈ ਜੰਪ ਸਟੇਟ ਲੈਵਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ।


ਜ਼ਿਕਰਯੋਗ ਹੈ ਕਿ ਸਰਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ ਸਿੱਧੇ ਮੁਕਾਬਲੇ ਵਿੱਚ ਹਰਾ ਕੇ ਵਿਧਾਨ ਸਭਾ ਚੋਣ 10574 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਫੌਜਾ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਤਿੰਨ ਧੀਆਂ ਹਨ ਤੇ ਦੋ ਧੀਆਂ ਵਿਆਹੀਆਂ ਹੋਈਆਂ ਹਨ। ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਉਹ ਗੁਰੂਹਰਸਹਾਏ ਦੇ ਵਸਨੀਕ ਹਨ।