ਫਾਜ਼ਿਲਕਾ: ਫਾਜ਼ਿਲਕਾ ਮਲੋਟ ਰੋਡ 'ਤੇ ਗੰਗ ਕਨਾਲ ਨਹਿਰ ਵਿੱਚ ਡਿੱਗੀ ਕਾਰ 'ਚ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਚਾਰਾਂ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਚਾਰੋਂ ਇੱਕੋ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਬਾਕੀ ਅਜੇ ਕੁਆਰੇ ਸਨ। ਗੋਤਾਖੋਰਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਜਾਣਕਾਰੀ ਮੁਤਾਬਕ ਚਾਰੋਂ ਮ੍ਰਿਤਕ ਮੱਧ ਪ੍ਰਦੇਸ਼ 'ਚ ਸੀਜ਼ਨ ਲਾਉਣ ਲਈ ਗਏ ਸੀ। ਉੱਥੇ ਉਹ ਕੰਬਾਈਨ ਚਲਾਉਣ ਦਾ ਕੰਮ ਕਰਦੇ ਸੀ। ਆਪਣੇ ਦੋਸਤ ਕੋਲ ਰਾਤ ਲਈ ਰੁਕੇ ਸੀ। ਇਸੇ ਦੋਸਤ ਨੇ ਦੱਸਿਆ ਕਿ ਉਸ ਕੋਲ ਰਾਤ ਗੁਜ਼ਾਰਨ ਤੋਂ ਬਾਅਦ ਅਗਲੀ ਰਾਤ ਚਾਰਾਂ ਨੇ ਆਪੋ-ਆਪਣੇ ਘਰ ਜਾਣਾ ਸੀ।

ਦੋਸਤ ਦੀ ਗੱਡੀ ਲੈ ਕੇ ਰਾਤ ਕਰੀਬ 9:30 ਵਜੇ ਉਸ ਦੇ ਘਰੋਂ ਨਿਕਲੇ ਪਰ ਆਪਣੇ ਘਰ ਨਹੀਂ ਪਹੁੰਚੇ। ਉਨ੍ਹਾਂ ਦੇ ਘਰ ਤੇ ਆਂਢ-ਗੁਆਂਢ ਸੰਪਰਕ ਕਰਕੇ ਪੁੱਛਿਆ ਗਿਆ ਪਰ ਕੁਝ ਪਤਾ ਨਾ ਚੱਲਿਆ। ਫਿਰ ਚਾਰਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਗੱਡੀ ਦੀਆਂ ਕੁਝ ਨਿਸ਼ਾਨੀਆਂ ਨਹਿਰ ਦੇ ਬਾਹਰ ਪਈਆਂ ਮਿਲੀਆਂ। ਇਸ ਪਿੱਛੋਂ ਨਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ ਤਾਂ ਗੱਡੀ ਸਮੇਤ ਲਾਸ਼ਾਂ ਵੀ ਬਰਾਮਦ ਹੋ ਗਈਆਂ।