ਫਾਜ਼ਿਲਕਾ : ਫਾਜ਼ਿਲਕਾ ਦੇ ਸਰਕਾਰੀ ਸਕੂਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਸਰਕਾਰੀ ਸਕੂਲ ਦੇ ਵਿਦਿਆਰਥੀ ਫੀਸਾਂ ਦੇ ਮਾਮਲੇ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ 'ਚ ਪੜ੍ਹਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਵੱਲੋ ਆਪਣੀ ਫ਼ੀਸ ਅਧਿਆਪਕ ਨੂੰ ਜਮ੍ਹਾਂ ਕਰਵਾਈ ਗਈ ਪਰ ਪ੍ਰਿੰਸੀਪਲ ਵੱਲੋਂ ਉਨ੍ਹਾਂ ਤੋਂ ਦੁਬਾਰਾ ਫੀਸ ਮੰਗੀ ਜਾ ਰਹੀ ਹੈ।
ਜਿਸ 'ਤੇ ਉਨ੍ਹਾਂ ਨੇ ਕਿਹਾ ਕਿ ਫੀਸ ਉਨ੍ਹਾਂ ਵੱਲੋਂ ਦਿੱਤੀ ਜਾ ਚੁੱਕੀ ਹੈ ਤਾਂ ਪ੍ਰਿੰਸੀਪਲ ਦਾ ਉਨ੍ਹਾਂ ਨੂੰ ਤਰਕ ਇਹ ਹੈ ਕਿ ਉਕਤ ਅਧਿਆਪਕ ਫ਼ਰਾਰ ਹੋ ਗਿਆ ਤੇ ਹੁਣ ਪ੍ਰਿੰਸੀਪਲ ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਤੋਂ ਦੁਬਾਰਾ ਫੀਸ ਮੰਗੀ ਜਾ ਰਹੀ ਹੈ। ਇਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸੰਬੰਧਤ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ।
ਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਮਹੀਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਕਲਾਸ ਇੰਚਾਰਜ ਹਿਮਾਂਸ਼ੂ ਨੇ ਫੀਸ ਦੇ ਨਾਮ 'ਤੇ 1000-1000 ਰੁਪਏ ਇਕੱਠੇ ਕਰ ਲਏ ਅਤੇ ਉਸ ਤੋਂ ਮਹੀਨਾ ਬਾਅਦ ਤੱਕ ਉਕਤ ਅਧਿਆਪਕ ਸਕੂਲ ਵੀ ਆਉਂਦਾ ਰਿਹਾ। ਬਾਅਦ ਵਿਚ ਸਕੂਲ ਦੇ ਪਿੰ੍ਸੀਪਲ ਨਾਲ ਕੋਈ ਨਿੱਜੀ ਝਗੜਾ ਹੋਣ ਤੋਂ ਬਾਅਦ ਉਕਤ ਅਧਿਆਪਕ ਸਕੂਲ ਛੱਡ ਕੇ ਚੰਡੀਗੜ੍ਹ ਸ਼ਿਫਟ ਹੋ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਉਕਤ ਅਧਿਆਪਕ ਦਾ ਕਹਿਣਾ ਹੈ ਕਿ ਉਹ ਪੈਸੇ ਪ੍ਰਿੰਸੀਪਲ ਨੂੰ ਜਮਾਂ ਕਰਵਾ ਗਿਆ ਹੈ ਅਤੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਕਤ ਅਧਿਆਪਕ ਪੈਸੇ ਲੈ ਕੇ ਭੱਜ ਗਿਆ ਹੈ। ਹੁਣ ਇਸ ਨਿੱਜੀ ਲੜਾਈ ਵਿੱਚ ਵਿਦਿਆਰਥੀ ਪਿਸ ਰਹੇ ਹਨ। ਵਿਦਿਆਰਥੀਆਂ ਨੂੰ ਪਹਿਲਾਂ ਭਰੀ ਹੋਈ ਫ਼ੀਸ ਨੂੰ ਹੀ ਦੁਬਾਰਾ ਭਰਨ ਨੂੰ ਕਹਿ ਦਿੱਤਾ ਗਿਆ ਹੈ। ਜੋ ਵਿਦਿਆਰਥੀ ਇਹ ਨਾਜਾਇਜ਼ ਫੀਸ ਨਹੀਂ ਭਰ ਰਿਹਾ ਉਸਨੂੰ ਨਾਮ ਕੱਟ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਗਰੀਬ ਘਰਾਂ ਦੇ ਵਿਦਿਆਰਥੀ ਹਾਂ। ਪਹਿਲਾਂ ਹੀ ਸਾਡੇ ਮਾਪਿਆਂ ਨੇ ਬੜੇ ਔਖੇ ਹੋ ਕੇ ਫੀਸਾਂ ਭਰੀਆਂ ਸਨ ਪਰ ਹੁਣ ਅਧਿਆਪਕਾਂ ਦੇ ਆਪਸੀ ਰੌਲੇ ਕਰਕੇ ਸਾਡੇ ਤੋਂ ਦੁਬਾਰਾ ਫੀਸ ਮੰਗੀ ਜਾ ਰਹੀ ਹੈ ਜੋ ਕਿ ਗਲਤ ਹੈ।