ਫਾਜ਼ਿਲਕਾ: ਸਥਾਨਕ ਪੁਲਿਸ ਨੇ 9 ਸਾਲ ਦੇ ਇੱਕ ਬੱਚੇ ਨੂੰ ਗੁੰਮਰਾਹ ਕਰਕੇ ਅਗਵਾਹ ਕਰਨ ਦੇ ਮਾਮਲੇ ਵਿੱਚ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਗਵਾਹ ਹੋਇਆ ਬੱਚਾ ਉਸ ਦੇ ਮਾਂ-ਬਾਪ ਨੂੰ ਸੌਂਪ ਦਿੱਤਾ ਗਿਆ ਹੈ। ਅਗਵਾਹ ਹੋਏ ਬੱਚੇ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਘਰ ਦੇ ਸਾਹਮਣੇ ਸਾਈਕਲ ਉੱਤੇ ਕਰਤੱਬ ਦਿਖਾਂਉਂਦਾ ਸੀ ਤੇ ਕਿਸੇ ਦੂਜੇ ਪਿੰਡ ਵਿੱਚ ਪਰਮੀਸ਼ਨ ਲੈਣ ਦੀ ਗੱਲ ਕਹਿ ਕੇ ਉਸ ਨੂੰ ਆਪਣੇ ਨਾਲ ਲੈ ਗਿਆ, ਜਿੱਥੇ ਮੁਲਜ਼ਮ ਨੇ ਬੱਚੇ ਨੂੰ 2 ਦਿਨ ਕਿਸੇ ਕਮਰੇ ਵਿੱਚ ਬੰਦ ਰੱਖਿਆ।


ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਭਜਨ ਨੇ ਦੱਸਿਆ ਕਿ ਉਹ ਬੱਚੇ ਦਾ ਰਿਸ਼ਤੇ ਵਿੱਚ ਚਾਚਾ ਲੱਗਦਾ ਹੈ ਤੇ ਉਹ ਇਕੱਠੇ ਹੀ ਕਰਤੱਬ ਵਿਖਾਉਣ ਦਾ ਕੰਮ ਕਰਦੇ ਸੀ। ਉਹ ਮੁੰਡੇ ਦੇ ਘਰ ਵਿੱਚ ਦੱਸ ਕੇ ਗਿਆ ਸੀ ਕਿ ਇਸ ਨੂੰ ਨਾਲ ਲੈ ਕੇ ਜਾ ਰਿਹਾ ਹਾਂ ਪਰ ਉਨ੍ਹਾਂ ਉਸ ਖਿਲਾਫ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾ ਦਿੱਤਾ। ਉਂਝ ਬੱਚੇ ਦੇ ਪਰਿਵਾਰ ਨੇ ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੋਣ ਤੋਂ ਇਨਕਾਰ ਕੀਤਾ ਹੈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਪੁਲਿਸ ਦੇ ਐਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਫਾਜ਼ਿਲਕਾ ਦੇ ਅਧੀਨ ਆਉਣ ਵਾਲਾ ਠਾਣੇ ਦੇ ਅਧੀਨ ਆਉਂਦੇ ਪਿੰਡ ਅਰਨੀ ਵਾਲਾ ਵਿੱਚ ਸਾਈਕਲ ਉੱਤੇ ਕਰਤੱਬ ਵਿਖਾਉਣ ਵਾਲਾ ਮੋਗਾ ਨਿਵਾਸੀ ਇੱਕ ਆਦਮੀ ਰਵੀ ਪੁੱਤਰ ਹੈਦਰ ਅਲੀ ਦੇ ਬੇਟੇ ਅੰਕੁਸ਼ ਨੂੰ ਫੁਸਲਾ ਕੇ ਕਿਸੇ ਹੋਰ ਜਗ੍ਹਾ ਲੈ ਗਿਆ ਸੀ। ਗੁਮਸ਼ੁਦਾ ਬੱਚੇ ਦੇ ਮਾਪਿਆਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਬਣਾਈਆਂ।


ਇਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਜਲਾਲਾਂਬਾਦ ਦੇ ਪਿੰਡ ਮੰਨੇ ਵਾਲਾ ਤੋਂ ਲੱਭ ਲਿਆ ਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਲੈ ਜਾਣ ਵਾਲਾ ਆਦਮੀ ਸਾਈਕਲ ਉੱਤੇ ਕਰਤੱਬ ਵਿਖਾਉਂਦਾ ਸੀ ਤੇ ਕਿਸੇ ਦੂਜੇ ਪਿੰਡ ਵਿੱਚ ਪਰਮੀਸ਼ਨ ਦਵਾਉਣ ਦੇ ਬਹਾਨੇ ਬੱਚੇ ਨੂੰ ਨਾਲ ਲੈ ਗਿਆ ਸੀ। ਉਸ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ, ਹੁਣ ਪੁਲਿਸ ਸਾਜ਼ਿਸ਼ ਵਿੱਚ ਸ਼ਾਮਲ ਹੋਰਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।