ਲਾਹੌਰ: ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਦੀ ਬੁਖਲਾਹਟ ਲਗਾਤਾਰ ਜਾਰੀ ਹੈ। ਪਹਿਲਾਂ ਇਮਰਾਨ ਖ਼ਾਨ ਸਰਕਾਰ ਨੇ ਭਾਰਤ ਨਾਲ ਵਪਾਰ ਤੋੜਿਆ, ਕੂਟਨੀਤਕ ਸਬੰਧਾਂ ਦਾ ਦਰਜਾ ਘਟਾਇਆ ਅਤੇ ਰੇਲ ਤੇ ਬੱਸ ਸੇਵਾ ਵੀ ਰੋਕ ਦਿੱਤੀ। ਹੁਣ ਪਾਕਿਸਤਾਨ ਦੇ ਕੁਝ ਅਸਮਾਜਿਕ ਲੋਕਾਂ ਦਾ ਗੁੱਸਾ ਭਾਰਤੀ ਇਤਿਹਾਸ ਨਾਲ ਜੁੜੀਆਂ ਮਹਾਨ ਸ਼ਖਸੀਅਤਾਂ ਦੇ ਬੁੱਤ ਉੱਤੇ ਉੱਤਰ ਰਿਹਾ ਹੈ। ਦਰਅਸਲ, ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਦੋ ਵਿਅਕਤੀਆਂ ਨੇ ਨੁਕਸਾਨ ਪਹੁੰਚਾਇਆ ਹੈ।


ਇਸ ਮਾਮਲੇ ਵਿੱਚ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਨੌਂ ਫੁੱਟ ਲੰਮੀ ਮੂਰਤੀ ਦਾ ਜੂਨ ਮਹੀਨੇ ਵਿੱਚ ਹੀ ਲਾਹੌਰ ਦੇ ਕਿਲ੍ਹੇ ਵਿੱਚ ਉਦਘਾਟਨ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਦੇ ਖਿਲਾਫ ਦੇਸ਼ ਦੇ ਈਸ਼ਨਿੰਦਾ ਦੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਦੱਸ ਦਈਏ ਦੋਵੇਂ ਮੁਲਜ਼ਮ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਬਾਰੇ ਨਾਰਾਜ਼ ਸਨ। ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦਾ ਨੇਤਾ ਸੀ ਜਿਨ੍ਹਾਂ 19ਵੀਂ ਸਦੀ ਵਿੱਚ ਉਪ-ਮਹਾਂਦੀਪ ਦੇ ਪੱਛਮ-ਉੱਤਰ ਵਿੱਚ ਰਾਜ ਕੀਤਾ ਸੀ। ਰਣਜੀਤ ਸਿੰਘ ਪਰਮਵੀਰ ਯੋਧਾ ਸਨ ਤੇ ਉਨ੍ਹਾਂ ਕਦੇ ਵੀ ਅੰਗਰੇਜ਼ਾਂ ਨੂੰ ਆਪਣੇ ਰਾਜ ਉੱਤੇ ਹਾਵੀ ਹੋਣ ਨਹੀਂ ਦਿੱਤਾ।