ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 20 ਵੱਡੇ ਨਸ਼ੀਲੇ ਪਦਾਰਥਾਂ ਜਾਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਭੇਜੇ ਇੱਕ ਸਰਕੂਲਰ ਵਿੱਚ ਟਰੰਪ ਨੇ ਕਿਹਾ ਕਿ ਇਸ ਸੂਚੀ ਵਿੱਚ ਕਿਸੇ ਦੇਸ਼ ਦੀ ਮੌਜੂਦਗੀ ਜ਼ਰੂਰੀ ਤੌਰ 'ਤੇ ਉਸ ਦੇਸ਼ ਦੀ ਸਰਕਾਰ ਦੀਆਂ ਨਸ਼ਾ ਵਿਰੋਧੀ ਕੋਸ਼ਿਸ਼ਾਂ ਜਾਂ ਅਮਰੀਕਾ ਦੇ ਨਾਲ ਸਹਿਯੋਗ ਦੇ ਪੱਧਰ ਨੂੰ ਨਹੀਂ ਦਰਸਾਉਂਦੀ।


ਇਸ ਸੂਚੀ ਵਿੱਚ ਅਫ਼ਗ਼ਾਨਿਸਤਾਨ, ਬਹਾਮਾਜ, ਬੇਲੀਜ਼, ਬੋਲੀਵੀਆ, ਬਰਮਾ, ਕੋਲੰਬੀਆ, ਕੋਸਟਾਰਿਕਾ, ਡੋਮਿਨਿਕਨ ਰੀਪਬਲਿਕ, ਐਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ, ਹੈਤੀ, ਹਾਂਡੂਰਸ, ਭਾਰਤ, ਜਮੈਕਾ, ਲਾਓਸ, ਮੈਕਸੀਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਤੇ ਵੈਨਜ਼ੂਏਲਾ ਸ਼ਾਮਲ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਬੇਮਿਸਾਲ ਸਰੋਤ ਲਾਏ ਹਨ ਜਿਨ੍ਹਾਂ ਵਿੱਚ ਸਰਹੱਦਾਂ ਨੂੰ ਮਜ਼ਬੂਤ ਕਰਨਾ ਤੇ ਨਾਜਾਇਜ਼ ਨਸ਼ੇ ਦਾ ਇਸਤੇਮਾਲ ਰੋਕਣਾ ਸ਼ਾਮਲ ਹੈ।


ਟਰੰਪ ਨੇ ਕਿਹਾ ਕਿ ਉਹ ਇਸ ਵੱਡੇ ਕੰਮ ਨੂੰ ਅੰਜਾਮ ਦੇਣ ਲਈ ਨਿਰੰਤਰ ਅੱਗੇ ਵਧ ਰਹੇ ਹਨ ਪਰ ਅਜੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਉਨ੍ਹਾਂ ਦੇਸ਼ਾਂ ਵਿੱਚ ਵੀ ਯਤਨ ਕੀਤੇ ਜਾਣ ਦੀ ਲੋੜ ਹੈ, ਜਿਥੋਂ ਖ਼ਤਰਨਾਕ ਤੇ ਨਾਜਾਇਜ਼ ਨਸ਼ਿਆਂ ਦਾ ਉਤਪਾਦਨ ਹੁੰਦਾ ਹੈ। ਅਮਰੀਕਾ ਵਿੱਚ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ ਦੇ ਇਕ ਮੁਲਾਂਕਣ ਮੁਤਾਬਕ 2018 ਵਿੱਚ ਦੇਸ਼ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 68,557 ਲੋਕਾਂ ਦੀ ਮੌਤ ਹੋ ਗਈ।