ਜਕਾਰਤਾ: ਇੰਡੋਨੇਸ਼ੀਆ ਦੇ ਸੁਰਬਾਇਆ ਸ਼ਹਿਰ ਦੇ ਇੱਕ ਟਰਮੀਨਲ ‘ਤੇ ਵੱਡੀ ਗਿਣਤੀ ‘ਚ ਲੋਕ ਪਲਾਸਟਿਕ ਦੀਆਂ ਬੋਤਲਾਂ ਅਤੇ ਡਿਸਪੋਜ਼ੇਬਲ ਕੱਪ ਲੈ ਕੇ ਲਾਈਨਾਂ ‘ਚ ਖੜ੍ਹੇ ਰਹਿੰਦੇ ਹਨ। ਕਿਸੇ ਅਜਨਬੀ ਨੂੰ ਇਹ ਨਜ਼ਾਰਾ ਦੇਖਣ ਨੂੰ ਕਾਫੀ ਅਜੀਬ ਲੱਗ ਸਕਦਾ ਹੈ। ਪਰ ਦੱਸ ਦਈਏ ਕਿ ਬੇਕਾਰ ਪਲਾਸਟਿਕ ਦੇ ਕੇ ਲੋਕ ਬੱਸ ਦੀ ਟਿਕਟ ਹਾਸਲ ਕਰਦੇ ਹਨ। ਇੰਡੋਨੇਸ਼ੀਆ ਨੇ ਪਲਾਸਟਿਕ ਕੂੜੇ ਨੂੰ ਘੱਟ ਕਰਨ ਤੇ ਉਸ ਨੂੰ ਸਮੁੰਦਰ ‘ਚ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।


ਇੰਡੋਨੇਸ਼ੀਆ ਸਮੁੰਦਰ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ‘ਚ ਚੀਨ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਹੁਣ ਇੰਡੋਨੇਸ਼ੀਆ ਨੇ ਤੈਅ ਕੀਤਾ ਹੈ ਕਿ ਉਹ 2025 ਤਕ ਸਮੁੰਦਰ ਦੇ ਕੂੜੇ ਨੂੰ 70 ਫੀਸਦੀ ਤਕ ਘੱਟ ਕਰੇਗਾ। ਇਸ ਦੇ ਲਈ ਉਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤੇ ਰੀਸਾਈਕਲਿੰਗ, ਪਲਾਸਟਿਕ ਦੀ ਵਰਤੋਂ ‘ਤੇ ਰੋਕ ਲਗਾ ਰਿਹਾ ਹੈ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਹਫਤੇ ਫਰੀ ਯਾਤਰਾ ਕਰਨ ਲਈ ਕਰੀਬ 16000 ਯਾਤਰੀ ਪਲਾਸਟਿਕ ਦਾ ਕੂੜਾ ਦੇ ਕੇ ਬੱਸ ‘ਚ ਸਫ਼ਰ ਕਰ ਰਹੇ ਹਨ। ਤਿੰਨ ਵੱਡੀਆਂ ਬੋਤਲਾਂ ਜਾਂ 10 ਪਲਾਸਟਿਕ ਕੱਪ ਦੇ ਕੇ ਬੱਸ ਦੀ ਟਿਕਟ ਹਾਸਲ ਕੀਤੀ ਜਾ ਸਕਦੀ ਹੈ। ਇਸ ਯੋਜਨਾ ਨਾਲ ਲੋਕ ਘਰ ਤੋਂ ਦੂਰ ਕੂੜਾ ਸੁੱਟਣ ਦੀ ਥਾਂ ਕੂੜੇ ਨੂੰ ਜਮ੍ਹਾ ਕਰ ਰਹੇ ਹਨ।