ਫਿਰੋਜ਼ਪੁਰ: ਜਿੱਥੇ ਸਰਕਾਰਾਂ ਹਰ ਵਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਉੱਥੇ ਹੀ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ 13-14 ਪਿੰਡ ਗੱਟੀ ਰਾਜੇ ਕੇ, ਨਿਊ ਗਟੀ, ਗਟੀ ਹਜਾਰਾ, ਬਾਨੇ ਵਾਲਾ, ਟੇਡੀ ਵਾਲਾ, ਕਮਾਲੇ ਵਾਲਾ, ਚਾਂਦੀ ਵਾਲਾ ਆਦਿ ਪਿੰਡਾਂ 'ਚ ਇਕ ਹੀ ਡਿਸਪੈਂਸਰੀ ਹੈ। ਜਿੱਥੇ ਸਟਾਫ ਤਾਂ ਹੈ ਪਰ ਵੈਕਸੀਨੇਸ਼ਨ ਤੇ ਟੈਸਟਿੰਗ ਲਈ ਉਨ੍ਹਾਂ ਨੂੰ ਵੱਖ-ਵੱਖ ਪਿੰਡਾਂ 'ਚ ਲੱਗਦੇ ਕੈਂਪ 'ਚ ਜਾਣਾ ਪੈਂਦਾ ਹੈ ਤੇ ਡਿਸਪੈਂਸਰੀ ਤੋਂ ਦਵਾਈ ਲੈਣ ਆਏ ਲੋਕਾਂ ਨੂੰ ਵਾਪਸ ਮੁੜਨਾ ਪੈਂਦਾ ਹੈ।
ਫਿਰੋਜ਼ਪੁਰ ਜ਼ਿਲ੍ਹੇ 'ਚ ਹੀ ਪੈਂਦਾ ਪਿੰਡ ਕਾਲੂਵਾਲਾ ਦੋਵੇਂ ਪਾਸਿਆਂ ਤੋਂ ਸਤਲੁਜ ਨਾਲ ਘਿਰਿਆ ਹੋਇਆ ਹੈ ਤੇ ਇਨ੍ਹਾਂ ਲੋਕਾਂ ਨੂੰ ਬੇੜੀ ਰਾਹੀਂ ਦਰਿਆ ਪਾਰ ਕਰਕੇ ਹੀ ਦੂਜੇ ਪਾਸੇ ਜਾਣਾ ਪੈਂਦਾ ਹੈ। ਇਹ ਕੋਲ ਵੀ ਸਿਹਤ ਸਹੂਲਤਾਂ ਤੋਂ ਸੱਖਣੇ ਹਨ। ਗਟੀ ਰਾਜੋ ਦੇ ਸਰਪੰਚ ਕਰਮਜੀਤ ਸਿੰਘ ਨੇ ਕਿਹਾ ਪਿੰਡ 'ਚ ਵੈਕਸੀਨੇਸ਼ਨ ਹੋ ਰਹੀ ਤੇ ਡਿਸਪੈਂਸਰੀ ਵੀ ਬਣੀ ਹੋਈ ਹੈ। ਉਸ 'ਚ ਰੂਰਲ ਮੈਡੀਕਲ ਅਫਸਰ ਨਹੀਂ ਹੈ। ਸੋ ਸਰਕਾਰ ਨੂੰ ਰੂਰਲ ਮੈਡੀਕਲ ਅਫਸਰ ਦੇਣਾ ਚਾਹੀਦਾ ਹੈ।
ਦੂਜੇ ਪਾਸੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਤੇ ਸਤਲੁਜ ਦੇ ਨਾਲ ਲੱਗਦੇ ਟੇਡੀ ਵਾਲਾ ਸਰਪੰਚ ਜਗੀਰ ਸਿੰਘ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਪਿੰਡ 'ਚ ਲੋਕਾਂ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਤੇ ਉਨ੍ਹਾਂ ਨੂੰ ਦਵਾਈਆਂ ਲੈਣ ਲਈ ਸਤਾਰਾਂ ਕਿਲੋਮੀਟਰ ਦੂਰ ਸ਼ਹਿਰ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਪਿੰਡ 'ਚ 2010 'ਚ ਸੱਤ ਲੱਖ ਨਾਲ ਪ੍ਰਾਇਮਰੀ ਹੈਲਥ ਸੈਂਟਰ ਬਣਵਾਇਆ ਗਿਆ ਸੀ ਪਰ ਕੋਈ ਡਾਕਟਰ ਨਹੀਂ ਆਇਆ। ਸਰਕਾਰ ਨੂੰ ਇਨ੍ਹਾਂ ਪਿੰਡਾਂ ਨੂੰ ਵੀ ਸਿਹਤ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਜੇਕਰ ਬਿਲਡਿੰਗ ਬਣਾਈ ਹੈ ਤਾਂ ਡਾਕਟਰ ਵੀ ਦੇਣੇ ਚਾਹੀਦੇ ਹਨ।
ਗਟੀ ਰਾਜੋ ਡਿਸਪੈਂਸਰੀ 'ਚ ਬੁਖਾਰ ਦੀ ਦਵਾਈ ਲੈਣ ਆਏ ਪੰਜਾਬ ਸਿੰਘ ਨੇ ਕਿਹਾ ਕਿ ਇੱਥੇ ਤਾਲੇ ਲੱਗੇ ਹੋਏ ਹਨ। ਜਿਸ ਕਾਰਨ ਮੈਂ ਵਾਪਸ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇੱਥੇ ਦਵਾਈਆਂ ਵੀ ਘੱਟ ਮਿਲਦੀਆਂ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਗਟੀ ਰਾਜੋ ਦੇ ਡਿਸਪੈਂਸਰੀ 'ਚ ਹੈਲਥ ਅਵੇਅਰਨੈਸ ਸੈਂਟਰ 'ਚ ਤਾਇਨਾਤ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ ਨੇ ਦੱਸਿਆ ਕਿ ਹੈਲਥ ਅਵੇਅਰਨੈਸ ਸੈਂਟਰ 'ਚ ਜੋ ਅਸੀਂ ਦਵਾਈਆਂ ਦੇਣੀਆਂ ਉਸ ਚ ਕੋਈ ਕਮੀ ਨਹੀਂ ਹੈ ਉਹ ਸਾਨੂੰ ਮਿਲ ਰਹੀਆਂ ਹਨ। ਅਸੀਂ ਬਾਹਰ ਜਾਕੇ ਕੈਂਪ ਲਾ ਰਹੇ ਹਾਂ। ਅਸੀਂ ਟੈਸਟਿੰਗ ਵੀ ਕਰ ਰਹੇ ਹਾਂ, ਵੈਕਸੀਨੇਸ਼ਨ ਵੀ ਕਰ ਰਹੇ ਹਾਂ। ਪਿੰਡ ਵਾਸੀਆਂ 'ਚ ਅਜੇ ਥੋੜੀ ਜਾਗਰੂਕਤਾ ਦੀ ਕਮੀ ਹੈ। ਉੱਥੇ ਹੀ ਡਿਸਪੈਂਸਰੀ ਦੇ ਅੰਦਰ ਜ਼ਿਲ੍ਹਾ ਪਰਿਸ਼ਦ ਦੀ ਬਲਡਿੰਗ 'ਚ ਫਾਰਮਾਸਿਸਟ ਤੇ ਉਨ੍ਹਾਂ ਦੇ ਹੈਲਪਰ ਹਨ ਪਰ ਉਨ੍ਹਾਂ ਦੀ ਡਿਊਟੀ ਕੋਵਿਡ ਦੇ ਚੱਲਦਿਆਂ ਕਮਿਊਨਿਟੀ ਹੈਲਥ ਸੈਂਸਰ ਮਮਦੋਟ ਲੱਗੀ ਹੋਈ ਹੈ।