ਚੰਡੀਗੜ੍ਹ: ਭਾਰਤ ਵਿੱਚ ਅੱਜ ਕੱਲ੍ਹ ਕਈ ਥਾਵਾਂ 'ਤੇ ਮਿਊਕੋਮਿਰਕੋਸਿਸ ਦੇ ਕੇਸ ਰਿਪੋਰਟ ਹੋ ਰਹੇ ਹਨ, ਜਿਸ ਨੂੰ ਬਲੈਕ ਫੰਗਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮੇਂ ਜਦ ਕੋਰੋਨਾ ਵਾਇਰਸ ਮਹਾਮਾਰੀ ਹੀ ਕਾਬੂ ਵਿੱਚ ਨਹੀਂ ਆ ਰਹੀ, ਉਦੋਂ ਮਿਊਕੋਮਿਰਕੋਸਿਸ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ।


ਕੀ ਹੈ ਬਲੈਕ ਫੰਗਸ-


All About Black Fungus: ਦਿੱਲੀ ਸਥਿਤ ‘ਏਮਜ਼’ (AIIMS) ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਅਤੇ ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਬਲੈਕ ਫੰਗਸ ਪਹਿਲਾਂ ਤੋਂ ਹੀ ਆਪਣੇ ਵਾਤਾਵਰਨ ਵਿੱਚ ਮੌਜੂਦ ਹੈ। ਡਾਕਟਰਾਂ ਮੁਤਾਬਕ ਇਹ ਹੋਰਾਂ ਥਾਵਾਂ ਤੋਂ ਇਲਾਵਾ ਮਿੱਟੀ ਵਿੱਚ ਵਧੇਰੇ ਪਾਈ ਜਾਂਦੀ ਹੈ। ਸਿਹਤਮੰਦ ਜਾਂ ਵਧੇਰੇ ਇਮਿਊਨਿਟੀ ਵਾਲਾ ਵਿਅਕਤੀ ਇਸ ਰੋਗ ਦਾ ਸ਼ਿਕਾਰ ਨਹੀਂ ਹੁੰਦਾ। 


ਬਲੈਕ ਫੰਗਸ ਕਰਕੇ ਸਰੀਰ ਨਾਲ ਕੀ ਵਾਪਰਦਾ ਹੈ-


ਡਾਕਟਰਾਂ ਮੁਤਾਬਕ ਇਹ ਰੋਗ ਨੱਕ ਜਾਂ ਮੂੰਹ ਰਾਹੀਂ ਕਿਸੇ ਵਿਅਕਤੀ ਦੇ ਸ਼ਰੀਰ ਵਿੱਚ ਦਾਖ਼ਲ ਹੁੰਦਾ ਹੈ। ਪਹਿਲਾਂ ਚਿਹਰੇ ਸੋਜ਼ਿਸ਼, ਰੰਗ ਬਦਲਣਾ, ਸੁੰਨ ਹੋਣਾ ਜਾਂ ਦੰਦਾਂ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਸਕਦੀ ਹੈ। ਕੁਝ ਸਮੇਂ ਬਾਅਦ ਇਹ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੀਜੇ ਗੇੜ ਵਿੱਚ ਬਲੈਕ ਫੰਗਸ ਦਿਮਾਗ 'ਤੇ ਹਮਲਾ ਕਰਦੀ ਹੈ। 


ਕੌਣ ਹੋ ਸਕਦੈ Black Fungus ਦਾ ਸ਼ਿਕਾਰ-


ਏਮਜ਼ ਦੇ ਨਿਊਰੌਲੋਜੀ ਵਿਭਾਗ ਦੇ ਮੁਖੀ ਡਾਕਟਰ ਪਦਮਾ ਅਨੁਸਾਰ ‘ਬਲੈਕ ਫ਼ੰਗਸ’ ਛੂਤ ਦੀ ਕੋਈ ਨਵੀਂ ਬੀਮਾਰੀ ਨਹੀਂ ਹੈ। ਜਿਨ੍ਹਾਂ ਦੀ ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੈ ਜਾਂ ਜਿਨ੍ਹਾਂ ਨੇ ਆਪਣਾ ਕੋਈ ਅੰਗ ਕਿਸੇ ਹੋਰ ਤੋਂ ਦਾਨ ਲਿਆ ਹੈ ਭਾਵ ਟ੍ਰਾਂਸਪਲਾਂਟ ਦੇ ਮਰੀਜ਼ ਹਨ, ਉਨ੍ਹਾਂ ਵਿੱਚ ਇਹ ਫ਼ੰਗਸ ਇਨਫ਼ੈਕਸ਼ਨ ਹੋ ਸਕਦੀ ਹੈ। ਬਲੱਡ ਸ਼ੂਗਰ ਦੀ ਬਹੁਤਾਤ ਵੀ ਬਲੈਕ ਫੰਗਸ ਦਾ ਸ਼ਿਕਾਰ ਹੋਣ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਇੰਨੀ ਗਿਣਤੀ ’ਚ ਫ਼ੰਗਸ ਦੀ ਇਨਫ਼ੈਕਸ਼ਨ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ, ਜਿੰਨਾ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਵੇਖੀ ਜਾ ਰਹੀ ਹੈ। ਜੋ ਮਰੀਜ਼ ਕੋਵਿਡ ਜਾਂ ਕਿਸੇ ਹੋਰ ਰੋਗ ਦੇ ਇਲਾਜ ਲਈ ਸਟੀਰਾਇਡ ਵਰਤਦੇ ਹਨ, ਉਨ੍ਹਾਂ ਨੂੰ ਬਲੈਕ ਫੰਗਸ ਤੋਂ ਖ਼ਤਰਾ ਵਧੇਰੇ ਹੈ। 


ਕੀ ਬਲੈਕ ਫੰਗਸ ਇਲਾਜਯੋਗ ਹੈ?


ਡਾਕਟਰਾਂ ਮੁਤਾਬਕ ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਦਾ ਇਲਾਜ ਮੌਜੂਦ ਹੈ। ਜ਼ਿਆਦਾਤਰ ਇਸ ਦਾ ਇਲਾਜ ਦਵਾਈਆਂ ਨਾਲ ਹੋ ਜਾਂਦਾ ਹੈ ਪਰ ਕੁਝ ਮਾਮਲਿਆਂ ਵਿੱਚ ਆਪ੍ਰੇਸ਼ਨ ਵੀ ਕਰਨਾ ਪੈ ਸਕਦਾ ਹੈ। ਡਾਕਟਰਾਂ ਮੁਤਾਬਕ ਚਾਰ ਤੋਂ ਛੇ ਹਫ਼ਤਿਆਂ ਤੱਕ ਦਵਾਈਆਂ ਖਾਣ ਨਾਲ ਇਸ ਰੋਗ ਤੋਂ ਰਾਹਤ ਮਿਲ ਸਕਦੀ ਹੈ ਪਰ ਗੰਭੀਰ ਮਾਮਲਿਆਂ ਵਿੱਚ ਇਲਾਜ ਤਿੰਨ-ਤਿੰਨ ਮਹੀਨੇ ਤੱਕ ਵੀ ਚੱਲ ਸਕਦਾ ਹੈ। ਡਾਕਟਰਾਂ ਨੇ ਕੱਚਾ ਖਾਣ ਨਾਲ ਫੰਗਲ ਇਨਫੈਕਸ਼ਨ ਹੋਣ ਜਾਂ ਕੋਰੋਨਾ ਮਰੀਜ਼ ਨੂੰ ਆਕਸੀਜਨ ਸਪੋਰਟ ਦੇਣ ਅਤੇ ਜਾਂ ਕਿਸੇ ਖ਼ਾਸ ਥਾਂ ਤੋਂ ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਹੋਣ ਆਦਿ ਅਫਵਾਹਾਂ ਖਾਰਜ ਕੀਤੀਆਂ ਹਨ।


ਪੰਜਾਬ ਤੇ ਦੇਸ਼ ਵਿੱਚ ਕੀ ਹੈ ਬਲੈਕ ਫੰਗਸ ਦੀ ਸਥਿਤੀ-


ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਨੂੰ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਗੁਜਰਾਤ, ਤੇਲੰਗਾਨਾ, ਤਮਿਲਨਾਡੂ ਆਦਿ ਸੂਬਿਆਂ ਨੇ ਮਹਾਮਾਰੀ ਐਲਾਨ ਦਿੱਤਾ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 7,251 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 219 ਮਰੀਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ‘ਬਲੈਕ ਫ਼ੰਗਸ’ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ’ਚ ਸਾਹਮਣੇ ਆਏ ਹਨ।


ਪੰਜਾਬ ਵਿੱਚ ਵੀ ਬਲੈਕ ਫੰਗਸ ਆਪਣੇ ਪੈਰ ਪਸਾਰ ਰਹੀ ਹੈ। ਹਾਲੇ ਤੱਕ ਸੂਬੇ ਵਿੱਚ ਮਿਊਕੋਮਿਰਕੋਸਿਸ ਦੇ 71 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸਭ ਤੋਂ ਵੱਧ ਮਾਮਲੇ ਲੁਧਿਆਣਾ (30 ਕੇਸ) ਵਿੱਚ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਤੇ ਜਲੰਧਰ ਵਿੱਚ 9-9 ਕੇਸ, ਪਟਿਆਲਾ ਵਿੱਚ 8, ਮੁਹਾਲੀ ਵਿੱਚ 6, ਬਠਿੰਡਾ ਵਿੱਚ 3, ਮੁਕਤਸਰ ਤੇ ਫ਼ਿਰੋਜ਼ਪੁਰ ਵਿੱਚ 2-2 ਅਤੇ ਸੰਗਰੂਰ ਤੇ ਕਪੂਰਥਲਾ ਵਿੱਚ 1-1 ਕੇਸ ਦਰਜ ਕੀਤਾ ਗਿਆ ਹੈ। 


ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਮੇਂ ਸਫਾਈ ਕਰਮਚਾਰੀਆਂ ਦੀ ਹੜਤਾਲ ਸੂਬੇ ਪੱਧਰ 'ਤੇ ਜਾਰੀ ਹੈ, ਜਿਸ ਕਾਰਨ ਤਕਰੀਬਨ ਹਰ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਅਜਿਹਾ ਵਾਤਾਵਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਅਤੇ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵਧੇਰੇ ਖ਼ਤਰਾ ਹੈ। 


ਲਾਜ਼ਮੀ ਪੜ੍ਹੋ- ਕੀ ਹੈ White Fungus ਤੇ ਕਿਓਂ ਹੈ ਇਹ Black Fungus ਤੋਂ ਵੀ ਵੱਧ ਖ਼ਤਰਨਾਕ