ਚੰਡੀਗੜ੍ਹ: ਕੋਰੋਨਾਵਾਇਰਸ ਨਾਲ ਜੂਝ ਰਹੇ ਭਾਰਤ ਵਿੱਚ ਅੱਜ ਕੱਲ੍ਹ ਜਿੱਥੇ ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਉੱਥੇ ਹੀ ਹੁਣ ਵ੍ਹਾਈਟ ਫੰਗਸ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਇਹ ਚਿੱਟੀ ਫੰਗਸ, ਕਾਲੀ ਫੰਗਸ ਦੇ ਮੁਕਾਬਲੇ ਕਈ ਗੁਣਾ ਵੱਧ ਖ਼ਤਰਨਾਕ ਹੈ। ਬਿਹਾਰ, ਗੁਜਰਾਤ ਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਵ੍ਹਾਈਟ ਫੰਗਸ ਦੇ ਕੇਸ ਦਿਖਾਈ ਦਿੱਤੇ ਹਨ।
ਕੀ ਹੈ ਵ੍ਹਾਈਟ ਫੰਗਸ ਤੇ ਕਿਓਂ ਹੈ ਵੱਧ ਖ਼ਤਰਨਾਕ-
All About White Fungus: ਡਾਕਟਰਾਂ ਮੁਤਾਬਕ ਕਾਲੀ ਫੰਗਸ ਜਿੱਥੇ ਨੱਕ, ਅੱਖਾਂ ਤੇ ਕਦੇ ਕਦੇ ਦਿਮਾਗ ਨੂੰ ਪ੍ਰਭਾਵਿਤ ਕਰਦੀ ਸੀ ਪਰ ਇਹ ਚਿੱਟੀ ਫੰਗਸ ਨਹੁੰਆਂ ਤੋਂ ਲੈ ਕੇ ਗੁਪਤ ਅੰਗਾਂ ਤੱਕ ਮਾਰ ਕਰਦੀ ਹੈ। ਇਹ ਬਿਮਾਰੀ ਕੋਰੋਨਾ ਵਾਇਰਸ ਵਾਂਗ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ।
ਵ੍ਹਾਈਟ ਫੰਗਸ ਦੇ ਲੱਛਣ-
ਰੋਗ ਰੋਕੂ ਕੇਂਦਰ (CDC) ਮੁਤਾਬਕ ਵ੍ਹਾਈਟ ਫੰਗਸ ਦੇ ਲੱਛਣ ਇਸ ਗੱਲ ਉੱਪਰ ਨਿਰਭਰ ਕਰਦੇ ਹਨ ਕਿ ਸਰੀਰ ਦੇ ਕਿਹੜੇ ਹਿੱਸੇ 'ਤੇ ਇਨਫੈਕਸ਼ਨ ਹੋਈ ਹੈ। ਆਮ ਇਨਫੈਕਸ਼ਨ ਚਮੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਸਭ ਤੋਂ ਗੰਭੀਰ ਰੂਪ ਫੇਫੜਿਆਂ ਨੂੰ ਖਰਾਬ ਕਰਦਾ ਹੈ, ਜਿਵੇਂ ਨੋਵਲ ਕੋਰੋਨਾਵਾਇਰਸ ਕਰਦਾ ਹੈ। ਚਮੜੀ ਉੱਪਰ ਕੋਈ ਧੱਬਾ ਜੋ ਸਮੇਂ ਨਾਲ ਵੱਧ ਰਿਹਾ ਹੈ, ਫੰਗਲ ਇਨਫੈਕਸ਼ਨ ਦਾ ਲੱਛਣ ਹੋ ਸਕਦਾ ਹੈ। ਫੇਫੜਿਆਂ ਦੀ ਇਨਫੈਕਸ਼ਨ ਦੇ ਲੱਛਣ ਖੰਘ, ਸਾਹ ਚੜ੍ਹਨਾ, ਛਾਤੀ ਵਿੱਚ ਦਰਦ ਤੇ ਬੁਖ਼ਾਰ ਹਨ। ਇਸ ਤੋਂ ਇਲਾਵਾ ਸਰੀਰ ਦੇ ਜੋੜਾਂ ਵਿੱਚ ਹੋਈ ਇਨਫੈਕਸ਼ਨ ਦਰਦ ਦਾ ਕਾਰਨ ਬਣ ਸਕਦੀ ਹੈ।
White Fungus ਦਾ ਪਤਾ ਕਿਵੇਂ ਲੱਗੇ ਤੇ ਕਿਵੇਂ ਬਚਿਆ ਜਾਵੇ-
ਸੀਡੀਸੀ ਮੁਤਾਬਕ ਸਰੀਰ ਦੀ ਸਾਫ ਸਫਾਈ ਤੋਂ ਇਲਾਵਾ ਬਚਾਅ ਕਰਨ ਵਾਲੇ ਕੱਪੜੇ ਜਿਵੇਂ ਦਸਤਾਨੇ, ਲੰਮੀਆਂ ਬਾਜ਼ੂਆਂ ਵਾਲੇ ਕਮੀਜ਼ ਆਦਿ ਪਹਿਨਣੇ ਚਾਹੀਦੇ ਹਨ। ਵ੍ਹਾਈਟ ਫੰਗਸ ਦੀ ਪੁਸ਼ਟੀ ਟਿਸ਼ੂ ਸੈਂਪਲ ਜਾਂ ਇਨਫੈਕਟਿਡ ਥਾਂ ਦੀ ਬਾਇਓਪਸੀ ਤੋਂ ਕੀਤੀ ਜਾ ਸਕਦੀ ਹੈ। ਕਈ ਵਾਰ ਖ਼ੂਨ ਦੇ ਨਮੂਨਿਆਂ ਤੋਂ ਵੀ ਇਸ ਬਿਮਾਰੀ ਦਾ ਪਤਾ ਲੱਗ ਸਕਦਾ ਹੈ।
ਕੀ ਚਿੱਟੀ ਫੰਗਸ ਇਲਾਜਯੋਗ ਹੈ?
ਡਾਕਟਰ ਚਿੱਟੀ ਫੰਗਸ ਦਾ ਇਲਾਜ ਐਂਟੀ ਫੰਗਲ ਦਵਾਈਆਂ ਨਾਲ ਕਰਦੇ ਹਨ, ਜੋ ਕਾਫੀ ਹੱਦ ਤੱਕ ਕਾਰਗਰ ਵੀ ਸਾਬਤ ਹੋ ਰਿਹਾ ਹੈ। ਇਹ ਬਿਮਾਰੀ ਉਦੋਂ ਵਧੇਰੇ ਖ਼ਤਰਨਾਕ ਤੇ ਜਾਨ ਦਾ ਖੌਅ ਬਣਦੀ ਹੈ ਜਦੋਂ ਇਹ ਫੇਫੜਿਆਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੀ ਹੈ। ਸੋ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ ਤਾਂ ਜੋ ਸਮਾਂ ਰਹਿੰਦੇ ਬਿਮਾਰੀ ਦਾ ਪਤਾ ਲਾਇਆ ਜਾ ਸਕੇ।
ਪੰਜਾਬ ਤੇ ਦੇਸ਼ ਵਿੱਚ ਕੀ ਹੈ ਵ੍ਹਾਈਟ ਫੰਗਸ ਦੀ ਸਥਿਤੀ-
ਦੱਸਣਾ ਬਣਦਾ ਹੈ ਕਿ ਮਿਊਕੋਮਿਰਕੋਸਿਸ ਯਾਨੀ ਕਿ ਬਲੈਕ ਫੰਗਸ ਨੂੰ ਪੰਜਾਬ ਸਮੇਤ ਚੰਡੀਗੜ੍ਹ, ਹਰਿਆਣਾ, ਰਾਜਸਥਾਨ, ਗੁਜਰਾਤ, ਤੇਲੰਗਾਨਾ, ਤਮਿਲਨਾਡੂ ਆਦਿ ਸੂਬਿਆਂ ਨੇ ਮਹਾਮਾਰੀ ਐਲਾਨ ਦਿੱਤਾ ਹੈ। ਇਸ ਬਿਮਾਰੀ ਦੇ ਦੇਸ਼ ਵਿੱਚ ਹੁਣ ਤੱਕ ਕੁੱਲ 7,251 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਪੰਜਾਬ ਵਿੱਚ 71 ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ 219 ਮਰੀਜ਼ ਬਲੈਕ ਫੰਗਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਰ ਵ੍ਹਾਈਟ ਫੰਗਸ ਇੰਨੇ ਵੱਡੇ ਪੱਧਰ 'ਤੇ ਨਹੀਂ ਪਾਇਆ ਗਿਆ ਹੈ। ਬੀਤੇ ਦਿਨੀਂ ਪਟਨਾ ਦੇ ਮੈਡੀਕਲ ਕਾਲ ਤੇ ਹਸਪਤਾਲ ਵਿੱਚ ਇਸ ਬਿਮਾਰੀ ਦੇ ਚਾਰ ਕੇਸ ਪਾਏ ਗਏ ਸਨ। ਸਭਨਾਂ ਨੂੰ ਕੋਰੋਨਾਵਾਇਰਸ ਜਿਹੇ ਲੱਛਣ ਸਨ ਪਰ ਅਸਲ ਵਿੱਚ ਉਨ੍ਹਾਂ ਨੂੰ ਕੋਵਿਡ ਨਹੀਂ ਸੀ। ਹਾਲੇ ਤੱਕ ਪੰਜਾਬ ਵਿੱਚ ਇਸ ਬਿਮਾਰੀ ਦੇ ਕਿਸੇ ਕੇਸ ਬਾਰੇ ਪਤਾ ਨਹੀਂ ਲੱਗਾ ਹੈ।
ਜ਼ਰੂਰ ਪੜ੍ਹੋ- ਕੀ ਹੈ Black Fungus, ਕੌਣ ਹੋ ਸਕਦੈ ਇਸ ਦਾ ਸ਼ਿਕਾਰ ਤੇ ਕੀ ਹਨ ਇਸ ਦੇ ਲੱਛਣ ਤੇ ਇਲਾਜ