ਸਰਕਾਰੀ ਹਸਪਤਾਲ 'ਤੇ ਕਬਜ਼ਾ ਕਰਨ ਆਏ ਬਦਮਾਸ਼ਾਂ ਨੇ ਲੋਕਾਂ 'ਤੇ ਕੀਤੀ ਫਾਈਰਿੰਗ
ਏਬੀਪੀ ਸਾਂਝਾ | 08 Oct 2018 02:48 PM (IST)
ਫ਼ਿਰੋਜ਼ਪੁਰ: ਇੱਥੋਂ ਦੇ ਪਿੰਡ ਮੱਲਾਂਵਾਲਾ ਦੇ ਪਸ਼ੂ ਹਸਪਤਾਲ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਬਦਮਾਸ਼ਾਂ ਵੱਲੋਂ ਚਲਾਈਆਂ ਗੋਲ਼ੀਆਂ ਕਾਰਨ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਗੋਲ਼ੀਆਂ ਚਲਾਉਣ ਵਾਲਿਆਂ ਦਾ ਸਬੰਧ ਸੱਤਾਧਿਰ ਨਾਲ ਦੱਸਿਆ ਜਾ ਰਿਹਾ ਹੈ। ਇਸ ਕਾਰਨ ਪੁਲਿਸ ਵੀ ਕਾਰਵਾਈ ਕਰਨ ਵਿੱਚ ਢਿੱਲ ਵਰਤ ਰਹੀ ਹੈ ਤੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਫ਼ਿਰੋਜ਼ਪੁਰ ਦੀ ਸੰਘਣੀ ਆਬਾਦੀ ਵਿੱਚ ਹੋਏ ਦੋਹਰੇ ਕਤਲ ਕਾਂਡ ਤੋਂ ਬਾਅਦ ਅੱਜ ਇੱਥੋਂ ਦੇ ਹੀ ਕਸਬੇ ਮੱਲਾਂਵਾਲਾ ਵਿਚਲੇ ਸਰਕਾਰੀ ਪਸ਼ੂ ਹਸਪਤਾਲ ਦੀ ਇਮਾਰਤ `ਤੇ ਕਬਜ਼ਾ ਕਰਨ ਆਏ ਕੁਝ ਬਦਮਾਸ਼ਾਂ ਨੇ ਵਿਰੋਧ ਕਰ ਰਹੇ ਲੋਕਾਂ `ਤੇ ਫਾਈਰਿੰਗ ਕਰ ਦਿੱਤੀ। ਫਾਈਰਿੰਗ ਦਾ ਸ਼ਿਕਾਰ ਹੋਏ ਚਾਰ ਵਿਅਕਤੀਆਂ ਨੂੰ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਕਬਜ਼ਾ ਕਰਨ ਆਏ ਕਾਂਗਰਸ ਨਾਲ ਸਬੰਧਤ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਕਾਂਗਰਸੀਆਂ ਦੀ ਦਾ ਡਟਵਾਂ ਵਿਰੋਧ ਕੀਤਾ ਗਿਆ, ਪਰ ਕਬਜ਼ਾ ਕਰਨ ਆਏ ਲੋਕਾਂ ਨੇ ਉਨ੍ਹਾਂ ਵੱਲ ਬੰਦੂਕਾਂ ਸਿੱਧੀਆਂ ਕਰਕੇ ਫਾਈਰਿੰਗ ਕਰ ਦਿੱਤੀ। ਅਜਿਹੀ ਘਟਨਾ ਵਾਪਰਨ ਤੋਂ ਬਾਅਦ ਵੀ ਸਖ਼ਤ ਕਾਰਵਾਈ ਨਾ ਹੋਣ ਪਿੱਛੇ ਪੁਲਿਸ ਪ੍ਰਸ਼ਾਸਨ ਸਵਾਲਾਂ ਵਿੱਚ ਘਿਰ ਚੁੱਕਾ ਹੈ। ਮੱਲਾਂਵਾਲਾ ਵਿੱਚ ਹੋਈ ਇਸ ਖ਼ੂਨੀ ਵਾਰਦਾਤ ਬਾਰੇ ਬੋਲਦਿਆਂ ਪੁਲਿਸ ਨੇ ਸਾਫ ਕੀਤਾ ਕਿ ਕਾਰਵਾਈ ਆਰੰਭੀ ਜਾ ਰਹੀ ਹੈ, ਪਰ ਲੋਕਾਂ ਵੱਲੋਂ ਸੱਤਾਧਿਰ 'ਤੇ ਮੜ੍ਹੇ ਜਾ ਰਹੇ ਸਿੱਧੇ ਦੋਸ਼ਾਂ ਕਾਰਨ ਪੁਲਿਸ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਤੋਂ ਅਸਮਰਥ ਜਾਪ ਰਹੀ ਹੈ।