ਨਵੀਂ ਦਿੱਲੀ: ਰੈਲੀਆਂ ਦੇ ਰੌਲ਼ੇ-ਰੱਪੇ ਭਰੇ ਐਤਵਾਰ ਤੋਂ ਬਾਅਦ ਲੋਕਾਂ ਨੂੰ ਆਸ ਸੀ ਕਿ ਸੋਮਵਾਰ ਨੂੰ ਪੰਜਾਬ ਸਰਕਾਰ ਬਾਕੀ ਸੂਬਿਆਂ ਵਾਂਗ ਤੇਲ ਉੱਪਰ ਆਪਣੇ ਟੈਕਸ ਵਿੱਚ ਕਟੌਤੀ ਕਰਕੇ ਕੁਝ ਰਾਹਤ ਦੇਵੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਇਸ ਮੀਟਿੰਗ ਨੂੰ ਹੁਣ ਮੁਲਤਵੀ ਕਰ ਦਿੱਤੀ ਗਈ ਹੈ।

ਦਰਅਸਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਦਿੱਲੀ ਦੌਰੇ 'ਤੇ ਹਨ ਤੇ ਉਨ੍ਹਾਂ ਇੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨੀ ਹੈ। ਇਸ ਲਈ ਹੁਣ ਪੰਜਾਬ ਵਿੱਚ ਪੈਟਰੋਲ-ਡੀਜ਼ਲ ਉੱਪਰ ਲੱਗਦੇ ਵੈਟ ਵਿੱਚ ਕਟੌਤੀ ਕਰਨ ਸਬੰਧੀ ਬੈਠਕ ਭਲਕੇ ਯਾਨੀ ਮੰਗਲਵਾਰ ਨੂੰ ਹੋਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿੱਤ ਵਿਭਾਗ ਦੀ ਵਿਸ਼ੇਸ਼ ਬੈਠਕ ਸੱਦੀ ਸੀ। ਮੀਟਿੰਗ ਵਿੱਚ ਤੇਲ 'ਤੇ ਟੈਕਸ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਬੈਠਕ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਾਉਣ ਬਾਰੇ ਸੋਮਵਾਰ ਨੂੰ ਫੈਸਲਾ ਲਿਆ ਜਾਵੇਗਾ। ਹੁਣ ਇਹ ਬੈਠਕ ਭਲਕੇ ਹੋਣ ਦੀ ਸੰਭਾਵਨਾ ਹੈ।