ਚੰਡੀਗੜ੍ਹ: ਬੀਤੇ ਕੱਲ੍ਹ ਐਤਵਾਰ ਕਰਕੇ ਛੁੱਟੀ ਸੀ, ਪਰ ਰੈਲੀਆਂ ਦੇ ਦਿਨ ਕਾਰਨ ਕਾਫੀ ਸਰਗਰਮੀ ਬਣੀ ਰਹੀ। ਬੇਸ਼ੱਕ ਸਾਰੀਆਂ ਮੁੱਖ ਸਿਆਸੀ ਧਿਰਾਂ ਨੇ ਆਪੋ ਆਪਣੀ ਜ਼ੋਰ ਅਜ਼ਮਾਇਸ਼ ਕਰ ਖ਼ੁਦ ਨੂੰ ਸੱਚਾ ਤੇ ਵਿਰੋਧੀਆਂ ਨੂੰ ਝੂਠਾ ਦੱਸਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਫਿਰ ਵੀ ਇਨ੍ਹਾਂ ਵਿੱਚ ਲੋਕ ਰੋਹ ਦਾ ਸ਼ਿਕਾਰ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਬਣ ਗਿਆ।



ਕੋਟਕਪੂਰਾ-ਬਰਗਾੜੀ ਰੋਸ ਮਾਰਚ ਵਿੱਚ ਲੋਕਾਂ ਦੇ ਆਪ ਮੁਹਾਰੇ ਇਕੱਠੇ ਹੋਣ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਕੇ ਅਜੇ ਵੀ ਪਿਛਲੀ ਅਕਾਲੀ ਸਰਕਾਰ ਵਿਰੁੱਧ ਗੁੱਸਾ ਤੇ ਨਫ਼ਰਤ ਬਰਕਰਾਰ ਹੈ।



ਕਾਂਗਰਸ ਦੀ ਰੈਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚ ਦਿੱਤੀ, ਪਰ ਰੋਸ ਮਾਰਚ ਵਿੱਚ ਹੋਏ ਇਕੱਠ ਨੇ ਇੰਨਾ ਕੁ ਦਬਾਅ ਬਣਾ ਲਿਆ ਹੈ ਕਿ ਹੁਣ ਮੁੱਖ ਮੰਤਰੀ ਨੂੰ ਬੇਅਬਦੀ ਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਵਿਰੁੱਧ ਛੇਤੀ ਹੀ ਸਖ਼ਤ ਕਾਰਵਾਈ ਕਰਨੀ ਪਵੇਗੀ।



ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਕਾਂਗਰਸ ਸਰਕਾਰ ਅਤੇ ਬਰਗਾੜੀ ਇਨਸਾਫ਼ ਮੋਰਚੇ ਵਿਰੁੱਧ ਤਿੱਖੇ ਹਮਲੇ ਕੀਤੇ। ਨਾਲ ਹੀ ਟਕਸਾਲੀ ਅਕਾਲੀਆਂ ਦੇ ਰੁੱਸਣ ਕਾਰਨ ਪਾਰਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ।



ਸਿਆਸੀ ਮਾਹਰਾਂ ਮੁਤਾਬਕ ਬਰਗਾੜੀ ਵਿੱਚ ਲੋਕਾਂ ਦਾ ਆਪ ਮੁਹਾਰੇ ਇਕੱਠਾ ਹੋਣਾ ਕਾਂਗਰਸ ਸਰਕਾਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਲਈ ਵਧੇਰੇ ਚਿੰਤਾ ਦਾ ਵਿਸ਼ਾ ਹੈ। ਇਹ ਇਕੱਠ ਨਾ ਸਿਰਫ਼ ਲੋਕ ਸਭਾ ਚੋਣਾਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣੇਗਾ। ਐਤਵਾਰ ਦੀਆਂ ਰੈਲੀਆਂ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿੱਕਲਿਆ। ਜਾਣਕਾਰਾਂ ਦੀ ਮੰਨੀਏ ਤਾਂ ਸੂਬੇ ਦੀ ਸਿਆਸਤ ਦਾ ਧੁਰੇ ਵਜੋਂ ਬਰਗਾੜੀ ਉੱਭਰਿਆ, ਜਿੱਥੋਂ ਆਉਂਦੇ ਦਿਨਾਂ ਵਿੱਚ ਅਹਿਮ ਸਰਗਰਮੀਆਂ ਹੋਣ ਦੀ ਸੰਭਾਵਨਾ ਹੈ।