Punjab News: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ‘ਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਪੰਦਰਵੇਂ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਵਿੱਚ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇਕੱਠ ਹੋਇਆ।
ਅੱਜ ਠਾਠਾਂ ਮਾਰਦੇ ਇਸ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੌਰਾਨ ਸ਼ਹੀਦ ਹੋਏ ਦੋਵੇਂ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਬਾਰੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ। ਇਸ ਲਈ ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ ਮੋਰਚੇ ਦੇ ਮੈਦਾਨ ਵਿੱਚ ਹੀ ਸੰਘਰਸ਼ੀ ਦੀਵਾਲੀ ਮਨਾਈ ਜਾਵੇਗੀ ਅਤੇ ਉਨ੍ਹਾਂ ਵੱਲੋਂ ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਠੋਸ ਸੁਝਾਵਾਂ ਸਮੇਤ ਯਾਦ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਖੇਤੀ ਲਈ ਪੂਰੀ ਪੂਰੀ ਵਰਤੋਂ ਦਾ ਰੋਡ ਮੈਪ ਤਿਆਰ ਕਰਕੇ ਕਿਸਾਨਾਂ ਨੂੰ ਤੁਰਤ ਦਿੱਤਾ ਜਾਵੇ। ਇਸਦੀ ਨਾਂ-ਮਾਤਰ ਵਰਤੋਂ ਬਾਰੇ 27 ਜੁਲਾਈ 2022 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ।
ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰਤ ਬੰਦ ਕੀਤਾ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਨਾਲ ਕੀਤੇ ਸਮਝੌਤੇ ਰੱਦ ਕਰਨ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਮੁੜ ਬਹਾਲ ਕਰਨ ਬਾਰੇ ਠੋਸ ਰੋਡ ਮੈਪ ਬਣਾਉਣ ਦਾ ਵਚਨ ਦਿੱਤਾ ਜਾਵੇ।
ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਲਈ ਜਬਰੀ ਜ਼ਮੀਨਾਂ ਐਕਵਾਇਰ ਕਰਨ ਖ਼ਿਲਾਫ਼ ਚਾਰ ਜ਼ਿਲ੍ਹਿਆਂ ਵਿੱਚ ਲਗਾਤਾਰ ਧਰਨੇ ਲਾਈ ਬੈਠੇ ਕਿਸਾਨਾਂ ਨੂੰ ਮੀਟਿੰਗ ਵਿੱਚ ਤਹਿ ਹੋਏ ਤਰੀਕੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਘਰੀਂ ਤੋਰਿਆ ਜਾਵੇ। ਆਪਣੀ ਜ਼ਮੀਨ ਨੂੰ ਨਿਰਵਿਘਨ ਪੱਧਰ/ਨੀਵੀਂ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ‘ਚੋਂ ਬਾਹਰ ਕੱਢਿਆ ਜਾਵੇ।
ਝੋਨੇ ਦੇ ਔਸਤ ਝਾੜ ਅਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ। ਕੁਦਰਤੀ ਕਰੋਪੀਆਂ ਜਾਂ ਨਵੇਂ ਨਵੇਂ ਰੋਗਾਂ ਸੁੰਡੀਆਂ ਨਾਲ ਹੋਏ ਸਾਰੀਆਂ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਰਦੌਰੀ ਤੁਰੰਤ ਮੁਕੰਮਲ ਕਰਕੇ ਤਹਿਸ਼ੁਦਾ ਮੁਆਵਜ਼ੇ ਕਾਸ਼ਤਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੰਡਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ।
ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਦੇਣ, ਭੰਗਾਲਾ(ਫਾਜਿਲਕਾ) ਵਿਖੇ 1300 ਏਕੜ ਰਕਬੇ ਨੂੰ ਬੰਦ ਪਏ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਅਬਾਦਕਾਰਾਂ ਨੂੰ ਨਾ ਉਜਾੜਨ ਦੇ ਮੀਟਿੰਗ ਵਿੱਚ ਨਿੱਬੜੇ ਠੋਸ ਕੇਸਾਂ ਦੇ ਨਿਪਟਾਰੇ ਲਈ ਲੋੜੀਂਦੇ ਲਿਖਤੀ ਦਸਤਾਵੇਜ਼ ਸੌਂਪੇ ਜਾਣ। ਬਿਨਾਂ ਸਾੜੇ ਪਰਾਲੀ ਦੇ ਨਿਪਟਾਰੇ ਲਈ 200 ਪ੍ਰਤੀ ਕੁਇੰਟਲ ਬੋਨਸ ਦੇਣਾ ਤਾਂ ਦੂਰ ਦੀ ਗੱਲ ਰਹੀ, ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨ ਦੀ ਖ਼ੁਦ ਮੰਨੀ ਹੋਈ ਮੰਗ ਨੂੰ ਠੋਸ ਰੂਪ ਵਿੱਚ ਲਾਗੂ ਕਰਨ ਬਾਰੇ ਲਿਖਤੀ ਹਦਾਇਤਨਾਮਾ ਜਾਰੀ ਕੀਤਾ ਜਾਵੇ।
ਜ਼ਿਲ੍ਹਾ ਬਰਨਾਲਾ ਦੇ ਆਗੂ ਭਗਤ ਸਿੰਘ ਛੰਨਾਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਚੌਕਸ ਕੀਤਾ ਕਿ ਪੰਜਾਬ ਦੇ ਕੁੱਝ ਖਾਨਦਾਨੀ ਫਿਰਕਾਪ੍ਰਸਤ ਆਗੂਆਂ ਅਤੇ ਕੁੱਝ ਭਟਕੇ ਹੋਏ ਨੌਜਵਾਨਾਂ ਵੱਲੋਂ ਲੋਕਾਂ ਦੇ ਭਖਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸੰਘਰਸ਼ ਦੀ ਫੇਟ ਤੋਂ ਬਚਾਉਣ ਲਈ ਲੋਕਾਂ ‘ਚ ਪਾਟਕ ਪਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਇਸੇ ਤਰ੍ਹਾਂ ਐਸ ਵਾਈ ਐੱਲ ਨਹਿਰ ਵਰਗੇ ਭਰਾਤਰੀ ਭਾਵ ਨਾਲ ਹੱਲ ਹੋ ਸਕਣ ਵਾਲੇ ਮੁੱਦਿਆਂ ਨੂੰ ਬੇਲੋੜਾ ਵਾਦ-ਵਿਵਾਦ ਬਣਾ ਕੇ ਉਭਾਰਨ ਦੀ ਵੀ ਸਖ਼ਤ ਅਲੋਚਨਾ ਕੀਤੀ।