ਰਾਹੁਲ ਕਾਲਾ

ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ 'ਤੇ ਬਣੀ ਫਿਲਮ 'ਸ਼ੂਟਰ' ਹੁਣ ਪੰਜਾਬ 'ਚ ਰਿਲੀਜ਼ ਨਹੀਂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਦੇ ਨਾਲ ਹੀ ਡੀਜੀਪੀ ਦਿਨਕਰ ਗੁਪਤਾ ਨੂੰ ਫ਼ਿਲਮ ਦੇ ਪ੍ਰੋਡਿਊਸਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਹਾਲਾਂਕਿ ਪ੍ਰੋਡਿਊਸਰ ਕੇਵੀ ਢਿੱਲੋਂ ਨੇ ਪੁਲਿਸ ਨੂੰ ਬਕਾਇਦਾ ਲਿਖਤੀ ਰੂਪ 'ਚ ਵਾਅਦਾ ਕੀਤਾ ਸੀ ਕਿ ਉਹ ਫ਼ਿਲਮ ਰਿਲੀਜ਼ ਨਹੀਂ ਕਰਨਗੇ।

ਹੁਣ ਜਿਹੜੇ ਪੋਸਟਰ ਜਾਰੀ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ 21 ਤਾਰੀਖ ਨੂੰ ਰਿਲੀਜ਼ ਕਰਨ ਪਿੱਛੇ ਤੱਥ ਵੱਡੇ ਹਨ ਕਿਉਂਕਿ ਸੁੱਖਾ ਕਾਹਲਵਾਂ ਦਾ ਕਤਲ ਵੀ 21 ਜਨਵਰੀ 2015 ਨੂੰ ਹੋਇਆ ਸੀ। ਇਸੇ ਕਰਕੇ ਫਿਲਮ ਮੇਕਰਾਂ ਨੂੰ 21 ਤਾਰੀਖ ਸਹੀ ਜਾਪਦੀ ਹੈ। ਦੱਸ ਦਈਏ ਕਿ ਦਹਿਸ਼ਤ ਦਾ ਦੂਜਾ ਨਾਂ ਸੀ ਸੁੱਖਾ ਕਾਹਲਵਾਂ ਜੋ ਆਪਣੇ ਆਪ ਨੂੰ ਸ਼ਾਰਪ ਸ਼ੂਟਰ ਦੱਸਦਾ ਸੀ। ਦਹਿਸ਼ਤ ਦਾ ਅੰਤ ਵੀ ਮੌਤ 'ਤੇ ਆ ਕੇ ਹੁੰਦਾ ਹੈ ਤੇ ਅਜਿਹਾ ਹੋਇਆ ਵੀ।

ਸੁੱਖਾ ਕਾਹਲਵਾਂ ਜਲੰਧਰ ਫਗਵੜਾ ਏਰੀਏ 'ਚ ਕਾਫ਼ੀ ਐਕਟਿਵ ਸੀ। ਪੁਲਿਸ ਨੇ ਸੁੱਖੇ ਨੂੰ ਕਤਲ, ਲੁੱਟ-ਖੋਹ, ਅਗਵਾ ਤੇ ਫਿਰੌਤੀ ਵਰਗੇ ਕਈ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਹੋਇਆ ਸੀ। 21 ਜਨਵਰੀ, 2015 ਨੂੰ ਕਾਹਲਵਾਂ ਨੂੰ ਪੁਲਿਸ ਜਲੰਧਰ 'ਚ ਇੱਕ ਕੇਸ ਦੀ ਸੁਣਵਾਈ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਲੈ ਕੇ ਜਾ ਰਹੀ ਸੀ।

ਰਸਤੇ 'ਚ ਫਗਵਾੜਾ-ਗੁਰਾਇਆ ਵਿਚਾਲੇ ਗੈਂਗਸਟਰ ਵਿੱਕੀ ਗੌਂਡਰ 'ਤੇ ਉਸ ਦੇ ਸਾਥੀਆਂ ਨੇ ਕਾਹਲਵਾਂ ਦਾ ਪੁਲਿਸ ਵੈਨ ਦੇ ਅੰਦਰ ਹੀ ਤਾਬੜਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਾਅਦ 'ਚ ਵਿੱਕੀ ਗੌਂਡਰੀ ਨੂੰ ਵੀ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ। ਅਜਿਹੀ ਗੈਂਗਵਾਰ ਤੇ ਅਪਰਾਧ ਦੀ ਦੁਨੀਆਂ ਤੋਂ ਪੈਂਦੇ ਹੋਏ ਨਾਂ 'ਤੇ ਬਣਨ ਵਾਲੀ ਫ਼ਿਲਮ 'ਚ ਨੌਜਵਾਨਾ ਨੂੰ ਕੀ ਸਿੱਖਿਆ ਮਿਲੇਗੀ, ਇਸ 'ਤੇ ਕੈਪਟਨ ਸਰਕਾਰ ਨੇ ਸਵਾਲ ਖੜ੍ਹੇ ਕੀਤੇ ਤੇ ਫ਼ਿਲਮ 'ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ।

ਫਿਲਮ ਵਿੱਚ ਸੁੱਖਾ ਕਾਹਲਵਾਂ ਦਾ ਕਿਰਦਾਰ ਜੈ ਰੰਧਾਵਾ ਨੇ ਨਿਭਾਇਆ ਹੈ। ਫ਼ਿਲਮ ਦੇ ਟ੍ਰੇਲਰ 'ਚ ਦੇਖਿਆ ਜਾ ਸਕਦਾ ਹੈ ਕਿ ਜੈ ਰੰਧਾਵਾ ਦੀ ਲੁੱਕ ਨੂੰ ਪੂਰਾ ਸੁੱਖਾ ਵਾਂਗ ਢਾਲਿਆ ਗਿਆ। ਸੁੱਖਾ ਕਾਹਲਵਾਂ ਮਾਰੂ ਹਥਿਆਰ ਤੇ ਵੱਡੀਆਂ ਗੱਡੀਆਂ ਰੱਖਣਾ ਦ ਸ਼ੌਂਕੀ ਸੀ, ਫ਼ਿਲਮ 'ਚ ਅਜਿਹਾ ਹੀ ਦਿਖਾਇਆ ਗਿਆ ਕਿ ਕਿਵੇਂ ਨਾਮੀ ਗੈਂਗਸਟਰ ਪੁਲਿਸ 'ਤੇ ਗੋਲੀਆਂ ਚਲਾਉਂਦਾ।