ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਮਾਈਨਿੰਗ ਦਾ ਪਰਚਾ ਖਾਰਜ, SHO ਪਰਮਿੰਦਰ ਬਾਜਵਾ ਵੀ ਬਹਾਲ
ਏਬੀਪੀ ਸਾਂਝਾ | 14 Nov 2018 11:34 AM (IST)
ਚੰਡੀਗੜ੍ਹ: ਅਦਾਲਤ ਨੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਦਰਜ ਐਫਆਈਆਰ ਖਾਰਜ ਕਰ ਦਿੱਤੀ ਹੈ। ਨਿਆਂਇਕ ਮੈਜਿਸਟ੍ਰੇਟ (ਦਰਜਾ ਪਹਿਲਾ), ਨਕੋਦਰ ਤਨਵੀਰ ਸਿੰਘ ਦੇ ਨਿਰਦੇਸ਼ਾਂ ’ਤੇ ਸ਼ੇਰੋਵਾਲੀਆ ਖਿਲਾਫ ਨਾਜਾਇਜ਼ ਮਾਈਨਿੰਗ ਤਹਿਤ ਦਰਜ ਐਫਆਈਆਰ ਰੱਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਈ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਨ ਵਾਲੇ ਸਾਬਕਾ ਐਸਐਚਓ ਮਹਿਤਪੁਰ ਪਰਮਿੰਦਰ ਬਾਜਵਾ ਨੂੰ ਵੀ ਬਹਾਲ ਕਰਕੇ ਕਪੂਰਥਲਾ ਪੁਲਿਸ ਲਾਈਨ ਭੇਜਿਆ ਗਿਆ ਹੈ। ਇਹ ਵੀ ਪੜ੍ਹੋ- ਮਾਈਕ ਖੋਹੇ ਜਾਣ ਬਾਅਦ ਕੀ ਬੋਲੀ ਬੀਬੀ ਕਿਰਨਜੋਤ ਕੌਰ? ਪੁਲਿਸ ਨੇ ਤਿੰਨ ਮਹੀਨੇ ਪਹਿਲਾਂ ਐਫਆਈਆਰ ਰੱਦ ਕਰਨ ਦੀ ਰਿਪੋਰਟ ਦਾਇਰ ਕੀਤੀ ਸੀ ਪਰ ਨਕੋਦਰ ਦੇ ਪਿੰਡ ਮਾਲੜੀ ਪਿੰਡ ਦੇ ਸ਼ਿਕਾਇਤਕਰਤਾ ਕਾਮਰੇਡ ਮੋਹਨ ਸਿੰਘ ਨੇ ਅਦਾਲਤ ਵਿੱਚ ਇਸ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਪਿਛਲੇ ਮਹੀਨੇ ਮੋਹਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਸ ਦੇ ਬਾਅਦ ਉਹ ਪੁਲਿਸ ਜਾਂਚ ਤੋਂ ਸੰਤੁਸ਼ਟ ਹੋ ਗਿਆ। ਉਸ ਨੇ ਕਿਹਾ ਕਿ ਲਾਡੀ ਖਿਲਾਫ ਗ਼ੈਰਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਅਤੇ ਐਫਆਈਆਰ ਰੱਦ ਕਰਨ 'ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਵੀ ਪੜ੍ਹੋ- ਕੋਲਿਆਂਵਾਲੀ ਦੇ ਘਰ ਵਿਜੀਲੈਂਸ ਦਾ ਛਾਪਾ ਅਦਾਲਤ ਨੇ ਕਿਹਾ ਹੈ ਕਿ ਮੋਹਨ ਸਿੰਘ ਨੇ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤੇ। ਲਾਡੀ ਸ਼ੇਰੋਵਾਲੀਆ ਖਿਲਾਫ FIR ’ਚ ਦਰਜ ਤੱਥਾਂ ਦੀ ਜਾਂਚ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੂੰ ਸੌਂਪੀ ਗਈ ਸੀ। ਉਨ੍ਹਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ-ਕਮ-ਡਿਸਟ੍ਰਿਕਟ ਇਲੈਕਟੋਰਲ ਅਫ਼ਸਰ, ਜਲੰਧਰ ਨੇ ਇਸ ਮਾਮਲੇ ਸਬੰਧੀ ਵਿਸ਼ੇਸ਼ ਟੀਮ ਬਣਾਈ ਸੀ, ਜਿਸ ਵਿੱਚ ਮਾਈਨਿੰਗ, ਮਾਲੀਆ ਤੇ ਪੁਲਿਸ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਸੀ। ਸ਼ੇਰੋਵਾਲੀਆ ਖਿਲਾਫ ਇਸ ਟੀਮ ਨੂੰ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਸਬ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਐਫਆਈਆਰ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।