ਅੰਮ੍ਰਿਤਸਰ: ਬੀਤੇ ਦਿਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਦੁਬਾਰਾ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ। ਇਸੇ ਦੌਰਾਨ ਐਸਜੀਪੀਸੀ ਵੱਲੋਂ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਣ ਲਈ ਉਨ੍ਹਾਂ ਕੋਲੋਂ ਮਾਈਕ ਖੋਹਿਆ ਗਿਆ। ਦੱਸਣਯੋਗ ਹੈ ਕਿ ਬੀਬੀ ਕਿਰਨਜੋਤ ਕੌਰ ਨੇ ਇਤਿਹਾਸਕਾਰ ਕਿਰਪਾਲ ਸਿੰਘ ਨੂੰ ਪ੍ਰੋਜੈਕਟ ਤੋਂ ਹਟਾਏ ਜਾਣ ਦੇ ਤਰੀਕੇ ’ਤੇ ਇਤਰਾਜ਼ ਜਤਾਇਆ ਸੀ। 22 ਸਾਲਾਂ ਤੋਂ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਕਮੇਟੀ ਨੇ ਉਨ੍ਹਾਂ ਨਾਲ ਬੇਹੱਦ ਬੁਰਾ ਸਲੂਕ ਕੀਤਾ ਹੈ।
ਡਾ. ਕਿਰਪਾਲ ਸਿੰਘ ਦੋ ਦਹਾਕੇ ਤੋਂ SGPC ਨਾਲ ਕੰਮ ਕਰਦੇ ਆ ਰਹੇ ਸਨ, ਜਿਸ ਤਰੀਕੇ ਨਾਲ ਉਨ੍ਹਾਂ ਕੋਲੋਂ ਸਾਰੇ ਪ੍ਰੋਜੈਕਟ ਵਾਪਸ ਲਏ ਗਏ ਹਨ, ਉਹ ਜਾਇਜ਼ ਨਹੀਂ। ਮਜੀਠਾ ਹਲਕੇ ਤੋਂ SGPC ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸੇ ਦੌਰਾਨ SGPC ਮੈਂਬਰ ਚਰਨਜੀਤ ਸਿੰਘ ਜੱਸੋਵਾਲ ਨੇ ਵੀ ਬੀਬੀ ਤੋਂ ਮਾਈਕ ਖੋਹ ਲਿਆ ਤੇ ਪ੍ਰਬੰਧਕਾਂ ਨੇ ਆਵਾਜ਼ ਬੰਦ ਕਰ ਦਿੱਤੀ।
ਇਸ ਪਿੱਛੋਂ ਬੀਬੀ ਕਿਰਨਜੋਤ ਨੇ ਹਾਊਸ ਤੋਂ ਬਾਹਰ ਆ ਕੇ ਮੀਡੀਆ ਨੂੰ ਦੱਸਿਆ ਕਿ ਉਹ ਜਹਾਜ਼ ਵਿੱਚ ਸਿੱਖਾਂ ਦੇ ਧਾਰਮਿਕ ਚਿਨ੍ਹ ਕਿਰਪਾਨ (ਸ੍ਰੀ ਸਾਹਿਬ) ਨੂੰ ਉਤਰਵਾਉਣ ਦਾ ਮੁੱਦਾ ਉਠਾਉਣਾ ਚਾਹੁੰਦੇ ਸਨ ਇੰਡੀਅਨ ਏਅਰਲਾਈਨਜ਼ ਨੇ ਜਹਾਜ਼ ਵਿੱਚ ਸਫ਼ਰ ਕਰਦੇ ਸਮੇਂ ਕਿਰਪਾਨ ਉਤਾਰਨ ਲਈ ਕਿਹਾ ਜਾਂਦਾ ਹੈ। ਜਦਕਿ ਕੈਨੇਡਾ ਏਅਰਲਾਈਨਜ਼ ਵਿੱਚ ਕਿਰਪਾਨ ਪਹਿਨ ਕੇ ਹੀ ਸਫ਼ਰ ਕਰਨ ਦੀ ਇਜਾਜ਼ਤ ਹੈ।
ਜਦੋਂ ਬੀਬੀ ਕਿਰਨਜੋਤ ਕੌਰ ਮੀਡੀਆ ਨਾਲ ਗੱਲ ਕਰ ਰਹੇ ਸੀ ਤਾਂ ਜੀਰਾ ਤੋਂ ਸਬੰਧਤ ਅਕਾਲੀ ਲੀਡਰ ਦੇ ਮੁੰਡੇ ਅਵਤਾਰ ਸਿੰਘ ਨੇ ਮੀਡੀਆ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਮੀਡੀਆ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਸਾਥੀ ਬਚਾਅ ਲਈ ਆ ਗਏ। ਦੱਸਿਆ ਜਾਂਦਾ ਹੈ ਕਿ ਇੱਕ ਮਹਿਲਾ ਲੀਡਰ ਨੇ ਵੀ ਬੀਬੀ ਕਿਰਨਜੋਤ ਕੌਰ ਨੂੰ ਆਪਣੀ ਗੱਲ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।