ਚੰਡੀਗੜ੍ਹ: ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਦੇ ਇੱਕ ਪਿੰਡ ਵਿੱਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿੱਚ ਐਲੀ ਮਾਂਗਟ ਨੇ ਦੋਨਾਲੀ ਬੰਦੂਕ ਨਾਲ ਦੋ ਫਾਇਰ ਕਰ ਦਿੱਤੇ।

ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਲੁਧਿਆਣਾ ਪੁਲਿਸ ਨੇ ਐਲੀ ਮਾਂਗਟ ਤੇ ਦੋ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਦੀ ਪਾਰਟੀ ਮੌਕੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਨਾਲ ਕਥਿਤ ਤੌਰ 'ਤੇ ਦੋ ਫਾਇਰ ਕੀਤੇ।

ਇਸ ਦੀ ਸਾਹਨੇਵਾਲ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 275 ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂਕਿ ਬਾਕੀਆਂ ਦੀ ਭਾਲ ਲਈ ਪੁਲਿਸ ਛਾਪੇ ਮਾਰ ਰਹੀ ਹੈ।