ਬਠਿੰਡਾ: ਬੀਤੇ ਦਿਨ ਲੋਕ ਸਭਾ ਚੋਣਾਂ ਦੌਰਾਨ ਤਲਵੰਡੀ ਸਾਬੋ ਦੇ ਪੋਲਿੰਗ ਬੂਥ ਦੇ ਕੋਲ ਗੋਲ਼ੀ ਚੱਲਣ ਦੇ ਮਾਮਲੇ 'ਚ ਕਾਂਗਰਸੀ ਲੀਡਰ 'ਤੇ ਪਰਚਾ ਦਰਜ ਹੋਣ ਮਗਰੋਂ ਹੁਣ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਹੁਣ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਹੋਰਾਂ ਖ਼ਿਲਾਫ਼ ਵੀ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਜਟਾਣਾ ਅਤੇ ਉਨ੍ਹਾਂ ਦੇ ਦਰਜਨ ਸਾਥੀਆਂ 'ਤੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਪਰ ਹੁਣ ਖ਼ੁਸ਼ਬਾਜ਼ ਜਟਾਣਾ ਦੇ ਪੀ. ਏ. ਦੇ ਬਿਆਨਾਂ 'ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ 10 ਦੇ ਕਰੀਬ ਸਾਥੀਆਂ 'ਤੇ ਇਰਾਦਾ ਕਤਲ ਦੀ ਧਾਰਾ ਤਹਿਤ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਇਸ ਮਾਮਲੇ 'ਚ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਚੱਲੀ ਗੋਲ਼ੀ ਵਿੱਚ ਇੱਕ ਅਕਾਲੀ ਵਰਕਰ ਜ਼ਖ਼ਮੀ ਹੋ ਗਿਆ ਸੀ। ਇਸ ਮਾਮਲੇ 'ਤੇ ਕਾਂਗਰਸੀ ਲੀਡਰ ਖ਼ਿਲਾਫ਼ ਕੇਸ ਦਰਜ ਹੋਣ 'ਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦ ਸਿੰਘ ਰਾਜਾ ਵੜਿੰਗ ਖਾਸੇ ਔਖੇ ਭਾਰੇ ਹੋਏ ਸਨ ਅਤੇ ਪੁਲਿਸ 'ਤੇ ਪੱਖਪਾਤੀ ਹੋਣ ਦੇ ਦੋਸ਼ ਵੀ ਲਾਏ ਸਨ। ਪਰ ਹੁਣ ਅਕਾਲੀ ਲੀਡਰ 'ਤੇ ਵੀ ਕੇਸ ਦਰਜ ਹੋ ਗਿਆ ਹੈ।