ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਨਤੀਜੇ 23 ਮਾਰਚ ਨੂੰ ਆਉਣੇ ਹਨ ਪਰ ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਹਿਲਾਂ ਹੀ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੰਜਾਬ ਖ਼ਾਸ ਕਰਕੇ ਸੰਗਰੂਰ ਤੇ ਬਠਿੰਡਾ ਦੇ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਕੀਤੇ ਮਤਦਾਨ 'ਤੇ ਤਸੱਲੀ ਪ੍ਰਗਟਾਉਂਦੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਫ਼-ਸੁਥਰੇ ਤੇ ਲੋਕ ਹਿਤੈਸ਼ੀ ਮਿਸ਼ਨ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਤੇ ਪੰਜਾਬੀਆਂ ਦੇ ਉਹ ਸਾਰੇ ਮੁੱਦੇ ਤੇ ਮਸਲੇ ਆਪਣੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਬਣਾਏ ਜਿੰਨਾ ਦਾ ਸਿੱਧਾ ਸਬੰਧ ਹਰੇਕ ਵਰਗ ਤੇ ਹਰ ਘਰ ਦੇ ਚੁੱਲ੍ਹੇ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਤੇ ਸਾਢੇ ਤਿੰਨ ਦਹਾਕੇ ਪੁਰਾਣੇ ਨਕੋਦਰ ਬੇਅਦਬੀ ਤੇ ਗੋਲੀਕਾਂਡ ਸਮੇਤ ਅਕਾਲੀ-ਭਾਜਪਾ ਦੀ ਪਿਛਲੀ ਮਾਫ਼ੀਆ ਸਰਕਾਰ, ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਬਜ਼ੁਰਗਾਂ, ਵਿਧਵਾਵਾਂ, ਗ਼ਰੀਬਾਂ-ਦਲਿਤਾਂ ਤੇ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਬਾਰੇ ਹਰ ਨਾਗਰਿਕ ਤੱਕ ਪਹੁੰਚਾਉਣ ਲਈ 'ਆਪ' ਨੇ ਪੂਰੀ ਵਾਹ ਲਾਈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਬੇਹੱਦ ਸੀਮਤ ਵਸੀਲੇ ਤੇ ਸੱਚੇ-ਸੁੱਚੇ ਅਸੂਲ ਹਨ, ਦੂਜੇ ਪਾਸੇ ਅਕਾਲੀ-ਭਾਜਪਾ ਤੇ ਕਾਂਗਰਸ ਕੋਲ ਮਾਫ਼ੀਆ ਤੇ ਦਹਾਕਿਆਂ ਦੀ ਲੁੱਟ-ਖਸੁੱਟ ਦੀ ਬੇਸ਼ੁਮਾਰ ਧਨ ਦੌਲਤ ਹੈ। ਇਸ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਕੋਸ਼ਿਸ਼ ਕੀਤੀ ਗਈ। ਸ਼ਰਾਬ ਨਸ਼ੇ ਤੇ ਸਰਕਾਰੀ ਮਸ਼ੀਨਰੀ ਦਾ ਰੱਜ ਕੇ ਦੁਰਪ੍ਰਯੋਗ ਕੀਤਾ ਗਿਆ।