ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਡੀ ਦੇ ਮਕਾਨ ਨੰ. 3325 'ਚ ਬਣੇ ਇੱਕ ਪੀਜੀ 'ਚ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ। ਜਦਕਿ ਦੋ ਲੜਕੀਆਂ ਗੰਭੀਰ ਜ਼ਖਮੀ ਹਨ।
ਮ੍ਰਿਤੱਕਾਂ ਦੀ ਪਛਾਣ ਰੀਆ, 21 ਸਾਲਾ ਵਾਸੀ ਕਪੂਰਥਲਾ, ਪਾਕਸ਼ੀ ਗਰੋਵਰ, 22 ਸਾਲਾ ਵਾਸੀ ਕੋਟਕਪੁਰਾ ਅਤੇ ਮੁਸਕਾਨ, 21 ਸਾਲਾ ਵਾਸੀ ਹੀਸਾਰ, ਹਰਿਆਣਾ ਵਜੋਂ ਹੋਈ ਹੈ। ਇਹਨਾਂ ਤੋਂ ਇਲਾਵਾ ਜੈਸਮੀਨ(19) ਅਤੇ ਫੈਮੀਨਾ(23) ਜ਼ਖਮੀ ਹੋਣ ਕਾਰਨ ਇਲਾਜ ਅਧੀਨ ਹਨ।
ਇਹਨਾਂ ਤਿੰਨਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿੱਤਕਾਂ ਵਿੱਚੋਂ ਇੱਕ ਦੀ ਮੌਤ 70 ਫੀਸਦ ਝੁਲਸਣ ਕਾਰਨ ਦੱਸੀ ਗਈ ਹੈ ਜਦਕਿ ਦੋ ਦੀ ਧੂੰਏਂ ਨਾਲ ਸਾਹ ਘੁਟਣ ਕਾਰਨ।
ਮ੍ਰਿੱਤਕ ਰੀਆ ਫਰੈਂਚ ਕੋਰਸ ਕਰਦੀ ਸੀ, ਜਦਕਿ ਮੁਸਕਾਨ ਅਤੇ ਪਾਕਸ਼ੀ ਐਸਡੀ ਕਾਲਜ ਦੀਆਂ ਵਿਦਿਆਰਥਣਾਂ ਸਨ।
ਇਸ ਪੀਜੀ 'ਚ ਕੁਲ 20 ਤੋਂ 25 ਲੜਕੀਆਂ ਰਹਿੰਦੀਆਂ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਇਸ ਪੀਜੀ 'ਚ ਚਾਰ ਲੜਕੀਆਂ ਹੀ ਮੌਜੂਦ ਸਨ। ਜਾਨ ਬਚਾਉਣ ਲਈ ਲੜਕੀਆਂ ਨੇ ਆਪਣੇ ਆਪ ਨੂੰ ਬੈੱਡ ਹੇਠਾਂ ਲੁਕਾ ਲਿਆ ਪਰ ਅੱਗ ਇਨੀਂ ਘਾਤਕ ਸੀ ਕਿ ਉਸਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਇਨ੍ਹਾਂ ਵਿੱਚੋਂ ਇੱਕ ਲੜਕੀ ਨੇ ਆਪਣੀ ਜਾਨ ਬਚਾਉਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖਮੀ ਹੋ ਗਈ।
ਫਾਇਰ ਬ੍ਰਿਗੇਡ ਦੀਆਂ ਤਿੰਨ ਤੋਂ ਚਾਰ ਗੱਡੀਆਂ ਨੇ ਰੱਲ ਕਿ ਇਸ ਘਾਤਕ ਅੱਗ ਤੇ ਕਾਬੂ ਕੀਤਾ।