ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੱਕ ਅੰਗਰੇਜ਼ੀ ਅਖ਼ਬਾਰ ਦੇ ਸਮਾਗਮ ਦੌਰਾਨ ਵਿਵਾਦਤ ਟਿੱਪਣੀ ਕੀਤੀ। ਜਿਸ ਤੋਂ ਬਾਅਦ ਪੰਜਾਬ 'ਚ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਰਤਾਰਪੁਰ ਵਿੱਚ ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਤੁਸੀਂ ਉੱਥੇ 6 ਘੰਟੇ ਲਈ ਜਾਂਦੇ ਹੋ। ਤੁਹਾਨੂੰ ਫਾਇਰਿੰਗ ਰੇਂਜ ਲੈ ਜਾਕੇ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ"


ਦਿਨਕਰ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਚੰਡੀਗੜ੍ਹ 'ਚ ਮੀਡੀਆ ਨੂੰ ਸੰਬੋਧਿਤ ਕਰਦਿਆ ਗੁਪਤਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾ ਕਿਹਾ ਕਿ ਕਿੰਨੇ ਹੀ ਸ਼ਰਧਾਲੂ ਕਰਤਾਰਪੁਰ ਸਾਹਿਬ ਦਰਸ਼ਨ ਕਰ ਚੁੱਕੇ ਹਨ ਪਰ ਕੌਣ ਅੱਤਵਾਦੀ ਬਣਿਆ ਹੈ? ਆਖਰ ਕੀ ਕਾਰਣ ਹੈ ਕਿ ਡੀਜੀਪੀ ਅਜਿਹੇ ਬਿਆਨ ਦੇ ਰਹੇ ਹਨ। ਇਸ ਦੇ ਨਾਲ ਹੀ ਮਜੀਠਿਆ ਨੇ ਕਿਹਾ ਕਿ ਦਿਨਕਰ ਗੁਪਤਾ ਕੋਲ ਜੇਕਜ ਕੋਈ ਲਿਸਟ ਹੈ ਤਾਂ ਉਹ ਲਿਸਟ ਨੂੰ ਸਾਹਮਣੇ ਰੱਖਣ।

ਮਜੀਠੀਆ ਨੇ ਇਸ ਦੌਰਾਨ ਗਾਂਧੀ ਪਰਿਵਾਰ ਦੀ ਮਾਨਸਿਕਤਾ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਗਾਂਧੀ ਪਰਿਵਾਰ ਸਿੱਖ ਵਿਰੋਧੀ ਰਹਿਾ ਹੈ ਉਸੇ ਤਰ੍ਹਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ 52098 ਸ਼ਰਧਾਲੂਆਂ ਨੇ ਕਰਤਾਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਨਾਲ ਹੀ ਬਿਕਰਮ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਲੋਕ ਇੱਥੇ ਦਰਸ਼ਨ ਕਰਨ ਨਾ ਜਾਣ।

ਇਸ ਦੇ ਨਾਲ ਹੀ ਮਜੀਠੀਆ ਨੇ ਕਾਂਗਰਸ 'ਤੇ ਸਵਾਲ ਚੁੱਕਿਆ ਕਿਹਾ ਕਿ ਆਖਰ ਕਾਂਗਰਸ ਸਿੱਖ ਕੌਮ ਨੂੰ ਇੰਨਾ ਕਮਜ਼ੌਰ ਕਿਉਂ ਸਮਝਦੀ ਹੈ ਕਿ ਉਹ ਇੱਥੇ ਜਾ ਕੇ ਗਲਤ ਰਾਹ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੋਚ ਇੰਦਰਾ ਗਾਂਧੀ ਦੀ ਸੀ ਜਿਸ ਨੂੰ ਹੁਣ ਅੱਗੇ ਵਧਾਇਆ ਜਾ ਰਿਹਾ ਹੈ।

ਮਜੀਠੀਆ ਨੇ ਮੀਡੀਆ 'ਚ ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦੇ ਹੋਏ ਸਥਿਤੀ ਸਾਫ ਕਰਨ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ 24 ਫਰਵਰੀ ਤੋਂ ਵਿਧਾਨ ਸਭਾ ਦਾ ਇਜਲਾਸ ਚਲਣ ਨਹੀਂ ਦਿੱਤਾ ਜਾਵੇਗਾ।