ਬਰਨਾਲਾ: ਪਟਾਕਿਆਂ ਕਾਰਨ ਦੋ ਥਾਵਾਂ 'ਤੇ ਅੱਗ ਲੱਗਣ ਨਾਲ ਵੱਡਾ ਮਾਲੀ ਨੁਕਸਾਨ ਹੋਇਆ ਹੈ। ਪਹਿਲੀ ਘਟਨਾ ਦੌਰਾਨ ਖਾਲੀ ਮਕਾਨ ਵਿੱਚ ਪਾਏ ਪਾਲਸਟਿਕ ਦੇ ਸਾਮਾਨ ਨੂੰ ਅੱਗ ਲੱਗ ਗਈ। ਇਸੇ ਤਰ੍ਹਾਂ ਦੂਜੀ ਘਟਨਾ ਵਿੱਚ ਫੂਡ ਸਪਲਾਈ ਦੇ ਗੁਦਾਮ ਵਿੱਚ ਬਾਰਦਾਨੇ ਨੂੰ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋਇਆ ਹੈ। ਦੋਵਾਂ ਥਾਵਾਂ 'ਤੇ ਅੱਗ ਰਾਤ ਨੂੰ ਇੱਕ ਵਜੇ ਦੇ ਕਰੀਬ ਲੱਗੀ। ਦੀਵਾਲੀ ਦੀ ਰਾਤ ਜਿੱਥੇ ਆਮ ਲੋਕ ਪਟਾਕੇ ਚਲਾਉਣ ਤੇ ਜਸ਼ਨਾਂ ਵਿੱਚ ਮਸਰੂਫ ਸਨ, ਉਸ ਵੇਲੇ ਬਰਨਾਲਾ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਦੀਆਂ ਕੋਸ਼ਿਸਾਂ ਵਿੱਚ ਲੱਗੇ ਹੋਏ ਸਨ।


ਦਰਅਸਲ ਬੀਤੀ ਰਾਤ ਬਰਨਾਲਾ ਦੇ ਮੁੰਡਿਆਂ ਦੇ ਸਰਕਾਰੀ ਸਕੂਲ ਨੇੜੇ ਪਲਾਸਟਿਕ ਦੇ ਸਾਮਾਨ ਦੇ ਗੁਦਾਮ ਨੂੰ ਅੱਗ ਲੱਗ ਗਈ। ਗੁਦਾਮ ਦੀ ਛੱਤ ਉਪਰ ਪਏ ਪਲਾਸਟਿਕ ਦੇ ਸਾਮਾਨ ਨੂੰ ਕਿਸੇ ਪਟਾਕੇ ਕਾਰਨ ਅੱਗ ਲੱਗੀ। ਦੇਖਦੇ ਹੀ ਦੇਖਦੇ ਪੂਰੇ ਗੁਦਾਮ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸਾਸ਼ਨ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ। ਅੱਗ ਬਝਾਉਣ ਵਿੱਚ ਕਰੀਬ ਤਿੰਨ ਘੰਟੇ ਲੱਗੇ।

ਇਸ ਅੱਗ ਨਾਲ ਲੱਖਾਂ ਰੁਪਏ ਦਾ ਪਾਲਸਟਿਕ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਵਾਲਾ ਸਥਾਨ ਸੰਘਣੀ ਅਬਾਦੀ ਵਿੱਚ ਹੈ ਤੇ ਅੱਗ ਦੇ ਡਰੋਂ ਨੇੜਲੇ ਮਕਾਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਪਰ ਸਮਾਂ ਰਹਿੰਦੇ ਹੀ ਅੱਗ ਉਪਰ ਕਾਬੂ ਪਾਉਣ ਸਦਕਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।