ਕੁਰੂਕਸ਼ੇਤਰ :ਐਲ ਓ ਸੀ ਉੱਤੇ ਸ਼ਹੀਦ ਹੋਏ ਹਰਿਆਣਾ ਦੇ ਨੌਜਵਾਨ ਮਨਦੀਪ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਅੰਤਹੇੜੀ ਵਿਖੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉੱਤੇ ਸੈਨਾ ਦੇ ਅਫ਼ਸਰਾਂ, ਆਮ ਲੋਕਾਂ ਦੇ ਨਾਲ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਮਨਦੀਪ ਸਿੰਘ ਮਾਛਿਲ ਇਲਾਕੇ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਇੰਨਾ ਹੀ ਨਹੀਂ ਦਹਿਸ਼ਤਗਰਦਾਂ ਨੇ ਮਨਦੀਪ ਦੀ ਦੇਹ ਨਾਲ ਵੀ ਬੁਰਾ ਵਿਵਹਾਰ ਕੀਤਾ ਸੀ। ਇਸ ਗੱਲ ਨੂੰ ਲੈ ਕੇ ਸੈਨਾ ਅਤੇ ਆਮ ਲੋਕਾਂ ਵਿੱਚ ਕਾਫ਼ੀ ਗ਼ੁੱਸਾ ਹੈ। ਮੁੱਖ ਮੰਤਰੀ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਪੰਜਾਹ ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਮਨਦੀਪ ਸਿੰਘ ਨੇ ਦੀਵਾਲੀ ਦੇ ਮੌਕੇ ਉੱਤੇ ਆਪਣੇ ਘਰ ਛੁੱਟੀ ਉੱਤੇ ਆਉਣਾ ਸੀ ਪਰ ਸਰਹੱਦ ਉੱਤੇ ਚੱਲ ਰਹੇ ਤਣਾਅ ਦੇ ਕਾਰਨ ਉਸ ਦੀ ਛੁੱਟੀ ਰੱਦ ਹੋ ਗਈ ਸੀ। ਮਨਦੀਪ ਸਿੰਘ ਨੇ ਆਪਣੇ ਲਈ ਨਵਾਂ ਘਰ ਵੀ ਉਸਾਰਿਆ ਸੀ ਅਤੇ ਦੀਵਾਲੀ ਦੇ ਮੌਕੇ ਉੱਤੇ ਉਸ ਨੇ ਗ੍ਰਹਿ ਪ੍ਰਵੇਸ਼ ਕਰਨਾ ਸੀ। ਦੋ ਸਾਲ ਪਹਿਲਾਂ ਹੀ ਮਨਦੀਪ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਹਰਿਆਣਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ। ਮਨਦੀਪ ਸਿੰਘ ਦੀ ਸ਼ਹਾਦਤ ਦੇ ਕਾਰਨ ਪੂਰੇ ਪਿੰਡ ਨੇ ਦੀਵਾਲੀ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।