ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਉਤਾਰੇ ਸਾਰੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਟਿਕਟਾਂ ਨੂੰ ਗਰੰਟੀ ਨਾ ਸਮਝਣ। ਜੇ ਕਿਸੇ ਵੀ ਪੜਾਅ ਉਤੇ ਕੋਈ ਖਾਮੀ ਪਾਈ ਗਈ ਤਾਂ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਇਸ ਦੇ ਨਾਲ ਹੀ ਟਿਕਟਾਂ ਹਾਸਲ ਕਰਨ ਵਾਲੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੀ ਅਗਵਾਈ ਕਰ ਰਹੇ ਆਗੂਆਂ ਦੀ ਆਪਣੇ ਅਹੁਦਿਆਂ ਤੋਂ ਜਲਦੀ ਛੁੱਟੀ ਹੋ ਸਕਦੀ ਹੈ। ਜਿਨ੍ਹਾਂ ਆਗੂਆਂ ਨੂੰ ਪਾਰਟੀ ਅਹੁਦਿਆਂ ਤੋਂ ਲਾਂਭੇ ਕੀਤਾ ਜਾ ਸਕਦਾ ਹੈ।
ਪਾਰਟੀ ਵਿਚਲੇ ਸੂਤਰਾਂ ਅਨੁਸਾਰ ਕੇਜਰੀਵਾਲ ਨੇ ਸੰਗਰੂਰ ਵਿੱਚ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਟਿਕਟ ਜਾਂ ਆਪਣੀ ਜਿੱਤ ਯਕੀਨੀ ਮੰਨ ਕੇ ਨਾ ਬੈਠਣ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਨ੍ਹਾਂ ਦੇ ਹਲਕਿਆਂ ਵਿੱਚ ਹੋਰ ਵੀ ‘ਆਪ’ ਵਾਲੰਟੀਅਰ ਹਨ, ਜੋ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਇਹ ਵਾਲੰਟੀਅਰ ਸਹਿਜੇ ਹੀ ਸਬੰਧਿਤ ਉਮੀਦਵਾਰਾਂ ਦੀ ਥਾਂ ਲੈ ਸਕਦੇ ਹਨ।
ਇਕ ਘੰਟਾ ਚੱਲੀ ਇਸ ਮੀਟਿੰਗ ਵਿੱਚ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਸਾਰੇ 61 ਉਮੀਦਵਾਰ ਹਾਜ਼ਰ ਸਨ। ਮੀਟਿੰਗ ਦੌਰਾਨ ਕੌਮੀ ਕਨਵੀਨਰ ਨੇ ਕਿਹਾ ਕਿ ਉਮੀਦਵਾਰਾਂ ਦਾ ਪੂਰਾ ਧਿਆਨ ਹੁਣੇ ਤੋਂ ਆਪਣੇ ਹਲਕੇ ਦੀ ਪ੍ਰਚਾਰ ਮੁਹਿੰਮ ਉਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੜਾਅ ’ਤੇ ਜੇ ਕੋਈ ਉਮੀਦਵਾਰ ਕਮਜ਼ੋਰ ਪਾਇਆ ਗਿਆ ਤਾਂ ਉਸ ਨੂੰ ਬਦਲਿਆ ਜਾਵੇਗਾ। ਉਨ੍ਹਾਂ ਦਿੱਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋ ਚੋਣਾਂ ਵਿੱਚ ਆਖ਼ਰੀ ਦਿਨਾਂ ਵਿੱਚ ਉਮੀਦਵਾਰ ਬਦਲੇ ਗਏ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਹਲਕਿਆਂ ਵਿੱਚ ਪਾਰਟੀ ਨੇ ਉਮੀਦਵਾਰ ਐਲਾਨੇ ਹਨ, ਅਜਿਹੇ ਹਰੇਕ ਹਲਕੇ ਵਿੱਚ ਪਾਰਟੀ ਦੇ ਪੰਜ ਅਬਜ਼ਰਵਰ ਹੋਣਗੇ, ਜੋ ਰੋਜ਼ਾਨਾ ਦਿੱਲੀ ਵਿੱਚ ਲੀਡਰਸ਼ਿਪ ਨੂੰ ਰਿਪੋਰਟ ਭੇਜਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵੱਖ ਵੱਖ ਪੈਮਾਨਿਆਂ ਤੋਂ ਉਮੀਦਵਾਰਾਂ ਦੀ ਪਰਖ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਦਾ ਲੋਕਾਂ ਨਾਲ ਜੁੜਨ ਵਾਲਾ ਪ੍ਰੋਗਰਾਮ, ਜਿੱਤਣ ਦੀ ਸੰਭਾਵਨਾ, ਹੋਰ ਪਾਰਟੀਆਂ ਦੇ ਉਮੀਦਵਾਰਾਂ ਜਾਂ ਸੰਭਾਵੀ ਉਮੀਦਵਾਰਾਂ ਦਾ ਸਾਹਮਣਾ ਕਰਨ ਦੀ ਕਾਬਲੀਅਤ ਸ਼ਾਮਲ ਹੈ।
ਮੀਟਿੰਗ ਵਿੱਚ ਕੌਮੀ ਕਨਵੀਨਰ ਤੋਂ ਇਲਾਵਾ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾਈ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਸਹਿ ਇੰਚਾਰਜ ਜਰਨੈਲ ਸਿੰਘ ਵੀ ਹਾਜ਼ਰ ਸਨ। ਸੰਪਰਕ ਕਰਨ ’ਤੇ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਹੀ ਕੰਮ ਕੀਤਾ, ਜੋ ਪਾਰਟੀ ਦੇ ਕੌਮੀ ਕਨਵੀਨਰ ਨੂੰ ਕਰਨਾ ਚਾਹੀਦਾ ਹੈ।
(ਧੰਨਵਾਦ ਪੰਜਾਬੀ ਟ੍ਰਿਬਿਊਨ)