ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ ਹੌਜਰੀ ਦੀ ਦੁਕਾਨ ਅੱਗ ਦੀ ਭੇਟ ਚੜ੍ਹ ਗਈ। ਸੈਦਾਂ ਮੁਹੱਲਾ ਇਲਾਕੇ ਦੇ ਪੁਰਾਣੇ ਬਾਜ਼ਾਰ ਵਿੱਚ ਸਥਿਤ ਇਸ ਦੁਕਾਨ ਦੇ ਜੈਨਰੇਟਰ ਸੈੱਟ ਵਿੱਚ ਸ਼ਾਰਟ ਸਰਕਟ ਹੋਣ ਤੋਂ ਪੈਦਾ ਹੋਈ ਚਿੰਗਿਆੜੀ ਨੇ ਪੂਰੀ ਦੁਕਾਨ ਨੂੰ ਅੱਗ ਲਾ ਦਿੱਤੀ।


ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਸੈਦਾਂ ਮੁਹੱਲਾ ਇਲਾਕੇ ਵਿੱਚ ਘਟਨਾ ਸਥਾਨ 'ਤੇ ਪਹੁੰਚੀਆਂ। ਤਕਰੀਬਨ ਦੁਪਹਿਰ 12 ਵਜੇ ਲੱਗੀ ਇਸ ਅੱਗ 'ਤੇ ਅੱਗ ਬੁਝਾਊ ਦਸਤੇ ਨੇ ਇੱਕ ਘੰਟੇ ਵਿੱਚ ਕਾਬੂ ਪਾ ਲਿਆ ਪਰ ਉਦੋਂ ਤਕ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਹਾਲਾਂਕਿ, ਕੱਲ੍ਹ ਪਲਾਸਟਿਕ ਕਾਰਖਾਨੇ ਵਿੱਚ ਅੱਗ ਲੱਗਣ ਦਾ ਕਾਰਨ ਵੀ ਸ਼ਾਰਟ ਸਰਕਟ ਦੱਸਿਆ ਜਾਂਦਾ ਸੀ, ਜਿਸ ਤੋਂ ਬਾਅਦ ਫੈਕਟਰੀ ਦੀ ਇਮਾਰਤ ਸੜ ਕੇ ਰਾਖ ਹੋ ਗਈ ਤੇ ਬਾਅਦ ਵਿੱਚ ਡਿੱਗ ਵੀ ਪਈ। ਇਸ ਨੇ ਆਪਣੇ ਨਾਲ ਦੀਆਂ ਤਕਰੀਬਨ 3 ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਮਾਰਤਾਂ ਦੇ ਮਲਬੇ ਹੇਠ ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਸਮੇਤ ਕਈ ਕਾਰੀਗਰ ਤੇ ਆਮ ਲੋਕਾਂ ਦੇ ਦੱਬ ਜਾਣ ਦੀ ਖ਼ਬਰ ਹੈ। ਹੁਣ ਤਕ 4 ਫਾਇਰ ਕਰਮੀਆਂ ਤੋਂ ਇਲਾਵਾ 4 ਫੈਕਟਰੀ ਮੁਲਾਜ਼ਮ ਤੇ 6 ਆਮ ਲੋਕਾਂ ਸਮੇਤ ਕੁੱਲ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਹਾਲੇ ਵੀ ਪੰਜ ਅੱਗ ਬੁਝਾਊ ਕਰਮੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਬੀਤੇ ਕੱਲ੍ਹ ਮਲਬੇ ਹੇਠੋਂ ਇੱਕ ਵਿਅਕਤੀ ਨੂੰ ਜਿਉਂਦਾ ਵੀ ਬਾਹਰ ਕੱਢਿਆ ਗਿਆ ਸੀ। ਘਟਨਾ ਤੋਂ ਬਾਅਦ ਫੈਕਟਰੀ ਮਾਲਕ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ। ਅੱਜ ਮੁੱਖ ਮੰਤਰੀ ਇਸ ਦੁਰਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚਣਗੇ।