ਲੁਧਿਆਣਾ: ਬੀਤੇ ਦਿਨ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਤੇ ਦੋ ਜੇਰੇ ਇਲਾਜ ਹਨ। ਹਾਲੇ ਵੀ ਦਰਜਨ ਦੇ ਕਰੀਬ ਲੋਕਾਂ ਦਾ ਮਲਬੇ ਵਿੱਚ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਤੱਕ 12 ਲੋਕਾਂ ਨੂੰ ਬਿਲਡਿੰਗ ਦੇ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਜਿਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਦੀ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਸੀ। ਸਵੇਰੇ ਕੁਝ ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਹੜੇ ਮ੍ਰਿਤਕ ਪਾਏ ਗਏ। ਪਰ ਹੁਣ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਚਾਰ ਫਾਇਰ ਕਰਮੀ ਹਨ। ਮਲਬੇ ਵਿੱਚ ਫ਼ੈਕਟਰੀ ਨਾਲ ਸਬੰਧਤ ਲੋਕ, ਫਾਇਰ ਕਰਮੀ ਤੇ ਬਚਾਅ ਕੰਮ ਨਾਲ ਜੁੜੇ ਲੋਕ ਦੱਸੇ ਜਾ ਰਹੇ ਹਨ। ਹਾਲਾਂਕਿ ਮਰਨ ਵਾਲਿਆਂ ਦੀ ਕੁੱਲ ਗਿਣਤੀ ਅਧਿਕਾਰਕ ਤੌਰ ਤੇ ਨਹੀਂ ਦੱਸੀ ਗਈ। ਮਲਬੇ ਚੋਂ ਕੱਢੀਆਂ ਗਈਆਂ ਲਾਸ਼ਾਂ ਦੀ ਪਛਾਣ ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਪਾਲ ਸਿੰਘ, ਭਾਵਾਧਸ ਲੁਧਿਆਣਾ ਦੇ ਪ੍ਰਧਾਨ ਲਕਸ਼ਣ ਦ੍ਰਾਵਿਡ ਤੇ ਮ੍ਰਿਤਕ ਵਿੱਚ 4 ਫ਼ੈਕਟਰੀ ਨਾਲ ਸਬੰਧਤ ਤੇ 4 ਦੀ ਪਛਾਣ ਫਾਇਰ ਕਰਮੀ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਵਿੱਚ ਸੈਮੂਅਲ ਗਿੱਲ, ਪੂਰਨ ਸਿੰਘ ਤੇ ਰਾਜਨ ਦੇ ਰੂਪ ਵਿੱਚ ਹੋਈ ਹੈ। ਰੋਹਿਤ ਤੇ ਇੱਕ ਹੋਰ ਵਿਅਕਤੀ ਇਲਾਜ ਲਈ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਸੋਮਵਾਰ ਰਾਤ ਨੂੰ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਉੱਤੇ ਧਾਰਾ 304 ਏ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਅੱਜ ਸਵੇਰੇ ਅੱਠ ਵਜੇ ਲੁਧਿਆਣਾ ਦੇ ਸਨਅਤੀ ਖੇਤਰ ‘ਏ’ ਵਿੱਚ ਅਮਰਸਨ ਪੌਲੀਮਰਜ਼ ਨਾਂ ਦੇ ਪਲਾਸਟਿਕ ਤੇ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਸੀ।

ਸੂਚਨਾ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟੇ ਤੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸੇ ਦੌਰਾਨ ਅਚਾਨਕ ਉਕਤ ਕਾਰਖ਼ਾਨੇ ਦੀ ਇਮਾਰਤ ਡਿਗ ਗਈ। ਇਸ ਤੋਂ ਕੁੱਝ ਸਮੇਂ ਬਾਅਦ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਡਿੱਗ ਗਈ।