ਮੀਡੀਆ ਰਿਪੋਰਟ ਮੁਤਾਬਕ ਪੀੜਤਾ ਨੇ ਆਪਣੇ ਬਿਆਨ ਵਿਚ ਐੱਫਆਈਆਰ ਵਿਚ ਦਰਜ ਪੀੜਾ ਸੁਣਾਈ ਹੈ। ਪੀੜਤਾ ਮੁਤਾਬਕ ਸੈਕਟਰ 37 ਦੇ ਕੋਚਿੰਗ ਸੈਂਟਰ ਤੋਂ ਕਲਾਸ ਲਗਾ ਕੇ ਸ਼ਾਮ 7 ਵਜੇ ਦੇ ਕਰੀਬ ਬਾਹਰ ਆਈ। ਸੈਕਟਰ-37 ਦੀ ਮਾਰਕੀਟ ਤੋਂ ਨਿਕਲ ਕੇ ਸੈਕਟਰ 36-37 ਲਾਈਟ ਪੁਆਇੰਟ 'ਤੇ ਪੁੱਜੀ। ਇਸ ਦੌਰਾਨ ਸਿਨੇਮਾ ਚੌਕ ਵੱਲੋਂ ਆਏ ਆਟੋ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਆਟੋ ਵਿਚ ਡਰਾਈਵਰ ਸਣੇ ਤਿੰਨ ਸਵਾਰ ਸਨ। ਮੈਂ ਮੋਹਾਲੀ ਜਾਣ ਦੀ ਗੱਲ 20 ਰੁਪਏ ਵਿਚ ਤੈਅ ਕਰ ਲਈ ਤੇ ਆਟੋ ਵਿਚ ਬੈਠ ਗਈ। ਆਟੋ ਸੈਕਟਰ 42 ਪੁੱਜਾ ਤਾਂ ਅਚਾਨਕ ਪੈਟਰੋਲ ਖਤਮ ਹੋ ਗਿਆ।
ਜਿਸ ਮਗਰੋਂ ਆਟੋ ਵਿਚ ਬੈਠੇ ਦੋਵੇਂ ਨੌਜਵਾਨ ਧੱਕਾ ਲਗਾ ਕੇ ਸੈਕਟਰ 42 ਦੇ ਪੈਟਰੋਲ ਪੰਪ 'ਤੇ ਲੈ ਗਏ। ਜਿੱਥੇ ਉਨ੍ਹਾਂ ਨੇ ਪੈਟਰੋਲ ਪਵਾਇਆ। ਇਸ ਦੌਰਾਨ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਆਟੋ ਚਾਲਕ ਕੈਦ ਹੋ ਗਿਆ। ਤੇਲ ਭਰਵਾਉਣ ਮਗਰੋਂ ਚਾਲਕ ਨੇ ਆਟੋ ਨੂੰ ਸੈਕਟਰ 42, 53 ਦੇ ਚੌਕ ਵੱਲ ਚਲਾ ਲਿਆ। ਪੁੱਛਣ 'ਤੇ ਚਾਲਕ ਨੇ ਕਿਹਾ ਕਿ ਇਹ ਸ਼ਾਰਟਕੱਟ ਰਸਤਾ ਹੈ।
ਸੈਕਟਰ 53 ਸਥਿਤ ਸਲਿਪ ਰੋਡ ਨਾਲ ਲੱਗਦੇ ਜੰਗਲ ਕੋਲ ਪੁੱਜਣ 'ਤੇ ਆਟੋ ਚਾਲਕ ਪੀੜਤਾ ਨੂੰ ਕਿਹਾ ਕਿ ਆਟੋ ਖ਼ਰਾਬ ਹੋ ਗਿਆ ਹੈ। ਇੰਨੇ ਨੂੰ ਪੀੜਤਾ ਨੇ ਕਿਹਾ ਕਿ ਕਿਰਾਏ ਦੇ 20 ਰੁਪਏ ਲੈ ਲਓ, ਮੈਂ ਕਿਸੇ ਹੋਰ ਆਟੋ ਵਿਚ ਚਲੀ ਜਾਵਾਂਗੀ ਪਰ ਆਟੋ ਚਾਲਕ ਨੇ ਕਿਹਾ ਕਿ ਮੇਰੀ ਬੱਚੀ ਬਿਮਾਰ ਹੈ ਜਿਸ ਦਾ ਪੀਜੀਆਈ 'ਚ ਇਲਾਜ ਚੱਲ ਰਿਹਾ ਹੈ। ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ। ਇਸ ਗੱਲਬਾਤ ਦੌਰਾਨ ਉਹ ਉਸ ਨੂੰ ਜ਼ਬਰਨ ਜੰਗਲ ਵਿਚ ਲੈ ਗਏ ਅਤੇ ਡਰਾ ਕੇ ਗੈਂਗਰੇਪ ਕੀਤਾ। ਵਾਰਦਾਤ ਮਗਰੋਂ ਦੋਸ਼ੀ ਫਰਾਰ ਹੋ ਗਏ ਜਿਸ ਮਗਰੋਂ ਉਸ ਨੇ ਕਿਸੇ ਤਰ੍ਹਾਂ ਸੜਕ 'ਤੇ ਪੁੱਜ ਕੇ ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ।
ਐੱਸਐੱਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸ਼ੱਕੀ ਤੇ ਮਿਲਦੇ-ਜੁਲਦੇ ਲੋਕਾਂ ਤੋਂ ਪੁੱਛਗਿੱਛ ਤੇ ਰਾਊਂਡਅਪ ਕਰਨਾ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਸ਼ੱਕੀ ਵਿਅਕਤੀ ਕਬਜ਼ੇ ਵਿਚ ਹਨ ਜਿਨ੍ਹਾਂ ਨੇ ਗੈਂਗਰੇਪ ਦੇ ਦੋਸ਼ੀਆਂ ਦੀ ਪਛਾਣ ਕਰਨ ਵਿਚ ਪੂਰੀ ਮਦਦ ਕਰਨ ਦੀ ਗੱਲ ਕਬੂਲੀ ਹੈ। ਪੁਲਿਸ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ।