ਚੰਡੀਗੜ੍ਹ: ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਦੇ ਲੋੜੀਂਦੇ ਪਵਨ ਕੁਮਾਰ ਇੰਸਾ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ। ਪਵਨ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਹੈ। ਪਵਨ ਨੂੰ ਪੰਜਾਬ ਦੇ ਲਾਲੜੂ ਤੋਂ ਗ੍ਰਿਫਤਾਰ ਕੀਤਾ ਹੈ। ਪੰਚਕੂਲਾ ਪੁਲਿਸ ਦੇ ਏ.ਸੀ.ਪੀ. ਮੁਕੇਸ਼ ਮਲਹੋਤਰਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਸ਼ਾਮ ਨੂੰ ਤਕਰੀਬਨ 7 ਵਜੇ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਪਵਨ ਕੁਮਾਰ ਇੰਸਾ ਤੇ ਆਦਿੱਤਿਆ ਇੰਸਾ ਡੇਰਾ ਸਿਰਸਾ ਦੇ ਮੁੱਖ ਬੁਲਾਰੇ ਸਨ। ਇਨ੍ਹਾਂ 'ਤੇ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦਾ ਇਲਜ਼ਾਮ ਹੈ ਅਤੇ ਦੋਵੇਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਹੈ। ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੰਚਕੂਲਾ ਪੁਲਿਸ ਨੂੰ ਪਵਨ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪਵਨ 25 ਅਗਤਸ 2017 ਤੋਂ ਫਰਾਰ ਹੋ ਗਿਆ ਸੀ।