ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ ਬਾਅਦ ਫੈਕਟਰੀ ਦੀ ਇਮਾਰਤ ਦੇ ਨਾਲ-ਨਾਲ ਦੂਜੀ ਇਮਾਰਤ ਦੇ ਢਹਿ ਜਾਣ ਕਾਰਨ ਹੁਣ ਤਕ 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵਾਂ ਇਮਾਰਤਾਂ ਦੇ ਮਲਬੇ ਹੇਠ 6 ਅੱਗ ਬੁਝਾਊ ਦਸਤੇ ਦੇ ਮੁਲਾਜ਼ਮਾਂ ਸਮੇਤ ਕੁੱਲ 10-15 ਲੋਕਾਂ ਦੇ ਦੱਬੇ ਹੋਣ ਦੀ ਖ਼ਬਰ ਹੈ। ਘਟਨਾ ਸਥਾਨ 'ਤੇ ਕੌਮੀ ਆਪਦਾ ਰਾਹਤ ਫੋਰਸ (ਐਨ.ਡੀ.ਆਰ.ਐਫ.) ਸਮੇਤ ਪੁਲਿਸ ਤੇ ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ। ਹੁਣ ਤਕ ਬਚਾਅ ਟੀਮਾਂ ਨੇ ਇੱਕ ਵਿਅਕਤੀ ਨੂੰ ਜਿਉਂਦਾ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਜ਼ਖ਼ਮੀਆਂ ਦਾ ਇਲਾਜ ਵੀ ਹਸਪਤਾਲ ਵਿੱਚ ਜਾਰੀ ਹੈ। ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਘਟਨਾ ਸਥਾਨ ਦੇ ਆਲ਼ੇ-ਦੁਆਲ਼ੇ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਸੀ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਅੱਠ ਵਜੇ ਲੁਧਿਆਣਾ ਦੇ ਸਨਅਤੀ ਖੇਤਰ 'ਏ' ਵਿੱਚ ਅਮਰਸਨ ਪੌਲੀਮਰਜ਼ ਨਾਂ ਦੇ ਪਲਾਸਟਿਕ ਤੇ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਸੀ। ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟੇ ਤੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸੇ ਦੌਰਾਨ ਅਚਾਨਕ ਉਕਤ ਕਾਰਖ਼ਾਨੇ ਦੀ ਇਮਾਰਤ ਡਿੱਗ ਗਈ। ਇਸ ਤੋਂ ਕੁਝ ਸਮੇਂ ਬਾਅਦ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਡਿੱਗ ਗਈ।