ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ
ਏਬੀਪੀ ਸਾਂਝਾ | 20 Nov 2017 04:22 PM (IST)
ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼ ਤੋਂ ਮਹਿਜ਼ ਡੇਢ ਕਿਲੋਮੀਟਰ ਦੀ ਦੂਰੀ 'ਤੇ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਵਪਾਰੀ ਤੋਂ 3 ਲੱਖ 50 ਹਜ਼ਾਰ ਲੁੱਟ ਲਏ। ਲੁਟੇਰਿਆਂ ਨੇ ਦੋ ਪਾਰਟੀਆਂ ਬਣਾ ਕੇ ਫ਼ਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਲੁੱਟ ਦੀ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਪਟਿਆਲਾ ਦੇ ਮੋਦੀ ਕਾਲਜ ਵਾਲੇ ਰੋਡ ਤੋਂ ਆਪਣੇ ਸਕੂਟਰ 'ਤੇ ਬੈਂਕ ਪੈਸੇ ਜਮ੍ਹਾਂ ਕਰਵਾਉਣ ਜਾ ਰਹੇ 70 ਸਾਲਾ ਹਿੰਦੁਸਤਾਨ ਲੀਵਰ ਦੇ ਡੀਲਰ ਧਰਮਪਾਲ ਬਾਂਸਲ ਨੂੰ ਪਹਿਲੇ ਮੋਟਰਸਾਈਕਲ ਸਵਾਰ ਨੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਹੇਠਾਂ ਸੁੱਟ ਦਿੱਤਾ ਤੇ ਆਪਣੀ ਪਲੈਨਿੰਗ ਮੁਤਾਬਕ ਪਿੱਛੇ ਵੱਖਰੇ ਮੋਟਰਸਾਈਕਲ 'ਤੇ ਆ ਰਹੇ ਲੁਟੇਰਿਆਂ ਨੇ ਧਰਮਪਾਲ ਬਾਂਸਲ ਦਾ ਸਕੂਟਰ ਚੁੱਕਿਆ ਤੇ ਰਫੂਚੱਕਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੂੰ ਲੁੱਟ ਦੀ ਵਾਰਦਾਤ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਉਹ ਧਰਮਪਾਲ ਨੂੰ ਸੰਭਾਲਣ ਲੱਗ ਪਏ। ਇਸੇ ਦਾ ਫਾਇਦਾ ਚੁੱਕ ਲੁਟੇਰੇ ਬੜੇ ਹੀ ਅਰਾਮ ਨਾਲ ਫ਼ਿਲਮੀ ਅੰਦਾਜ਼ ਵਿੱਚ ਇਸ ਲੁੱਟ ਨੂੰ ਅੰਜ਼ਾਮ ਦੇ ਕੇ ਨਿਕਲ ਗਏ। ਜਦੋਂ ਧਰਮਪਾਲ ਬਾਂਸਲ ਨੂੰ ਹੋਸ਼ ਆਇਆ ਲੁੱਟ ਦਾ ਉਦੋਂ ਪਤਾ ਲੱਗਾ। ਪੁਲਿਸ ਵੱਲੋਂ ਸਥਾਨਕ ਦੁਕਾਨਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਇਕੱਠੀ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਲੁੱਟ ਦੀ ਵਾਰਦਾਤ ਕਾਰਨ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਸੁਰੱਖਿਆ ਸਵਾਲਾਂ ਵਿੱਚ ਆ ਗਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਹੈ।