ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ ਕਰਕੇ ਉਨ੍ਹਾਂ ਦੇ ਆਪਣੇ ਹਲਕੇ ਵਿੱਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਲਈ ਪੰਜਾਬ ਦੀ ਮੌਜੂਦਾ ਸਰਕਾਰ ਦੇ ਸਿਆਸੀ ਲੀਡਰਾਂ ਨੂੰ ਜ਼ਿਮੇਵਾਰ ਦੱਸਿਆ ਹੈ। ਮਜੀਠਾ ਵਿੱਚ ਗੋਲੀ ਤੇ ਝਗੜੇ ਦੀਆਂ ਵਾਰਦਾਤਾਂ ਲਈ ਉਨ੍ਹਾਂ ਜਿੱਥੇ ਕਾਂਗਰਸੀ ਆਗੂ ਲਾਲੀ ਮਜੀਠੀਆ ਨੂੰ ਜ਼ਿਮੇਵਾਰ ਦੱਸਿਆ, ਉੱਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਇਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇਣ ਦਾ ਇਲਜ਼ਾਮ ਲਾਇਆ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਲੋਕਾਂ ਨੂੰ ਲਾਲੀ ਮਜੀਠੀਆ ਦੇ ਕਰੀਬੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਮਜੀਠਾ ਵਿੱਚ ਅਜਿਹੇ ਲੋਕਾਂ ਨੂੰ ਨੱਥ ਪਾ ਕੇ ਰੱਖਿਆ ਗਿਆ ਸੀ ਪਰ ਲਾਲੀ ਮਜੀਠੀਆ ਦੇ ਨਵੇਂ ਗੁਰੂ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠਾ ਵਿੱਚ ਆ ਕੇ ਰੈਲੀ ਕਰਨ ਮਗਰੋਂ ਅਜਿਹੇ ਲੋਕਾਂ ਨੂੰ ਸਿਆਸੀ ਸ਼ਹਿ ਮਿਲੀ ਹੈ। ਇਸ ਤੋਂ ਬਾਅਦ ਹੀ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਜਿੱਥੇ ਸਿਆਸੀ ਦਬਾਅ ਹੇਠ ਅਜਿਹੇ ਲੋਕ ਸ਼ਰੇਆਮ ਗੋਲੀਆਂ ਚਲਾ ਰਹੇ ਹਨ, ਉੱਥੇ ਹੀ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਪੁਲਿਸ ਅਧਿਕਾਰੀ ਵੀ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵੀ ਉਠਾਉਣਗੇ ਤੇ ਜੇਕਰ ਫਿਰ ਵੀ ਇਨਸਾਫ ਨਾ ਦਿੱਤਾ ਗਿਆ ਤਾਂ ਅਕਾਲੀ ਦਲ ਸੜਕਾਂ 'ਤੇ ਉਤਰੇਗਾ। ਇਸ ਤੋਂ ਇਲਾਵਾ ਉਨ੍ਹਾਂ ਜਗਤਾਰ ਸਿੰਘ ਜੌਹਲ ਬਾਰੇ ਪੁੱਛੇ ਗਏ ਸਵਾਲ ਦਾ ਸਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਬਹੁਤੀ ਜ਼ਿਆਦਾ ਜਾਣਕਾਰੀ ਨਹੀਂ ਪਰ ਉਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਕਾਬਲ ਅਫਸਰ ਹਨ ਤੇ ਉਹ ਇਸ ਪੂਰੇ ਮਾਮਲੇ ਦੀ ਬਿਲਕੁਲ ਸਹੀ ਜਾਂਚ ਕਰਨਗੇ।