ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ
ਏਬੀਪੀ ਸਾਂਝਾ | 20 Nov 2017 03:22 PM (IST)
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਯੂ.ਕੇ. ਦੇ ਵਸਨੀਕ ਨੌਜਵਾਨ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਦੋਸਾਂਝ ਨੇ ਪੁਲਿਸ ਵੱਲੋਂ ਉਸ 'ਤੇ ਤਸ਼ੱਦਦ ਕਰਨ ਦੀ ਵੀ ਨਿੰਦਾ ਕੀਤੀ ਹੈ। [embed]https://twitter.com/diljitdosanjh/status/932299450734616576[/embed] ਦਿਲਜੀਤ ਨੇ ਆਪਣੇ ਟਵਿੱਟਰ 'ਤੇ ਲਿਖਿਆ ਹੈ ਕਿ ਜੱਗੀ ਵਿਰੁੱਧ ਜੋ ਵੀ ਇਲਜ਼ਾਮ ਹਨ, ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਸਰਬੱਤ ਦਾ ਭਲਾ ਮੰਗਦੇ ਹਾਂ। ਪੰਜਾਬੀ ਗਾਇਕ ਨੇ ਜੱਗੀ ਦੀ ਰਿਹਾਈ ਲਈ ਉਸ ਦੇ ਵਤਨ ਤੋਂ ਚੱਲੀ ਹੈਸ਼ਟੈਗ ਮੁਹਿੰਮ ਨੂੰ ਵੀ ਆਪਣੇ ਟਵੀਟ ਵਿੱਚ ਲਿਖ ਕੇ ਸਮਰਥਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਆਗੂ ਜੱਗੀ ਜੌਹਲ ਦੇ ਹੱਕ ਵਿੱਚ ਨਿੱਤਰ ਆਏ ਹਨ। ਭਗਵੰਤ ਮਾਨ, ਐਚ.ਐਸ. ਫੂਲਕਾ ਸਮੇਤ ਹੋਰਨਾਂ ਆਗੂਆਂ ਨੇ ਜੱਗੀ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਦੱਸ ਦੇਈਏ ਕਿ ਸਕੌਟਲੈਂਡ ਦੇ ਡੰਬੈਰਟਨ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਸ ਨੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ। ਇਸ ਬਾਰੇ ਜੌਹਲ ਦੇ ਪਰਿਵਾਰ ਵਾਲਿਆਂ ਦੇ ਨਾਲ-ਨਾਲ ਉਸ ਦੇ ਮੌਜੂਦਾ ਦੇਸ਼ ਦੇ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਇਸੇ ਤਹਿਤ ਹੀ ਯੂ.ਕੇ. ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਿੱਖਾਂ ਨੇ ਉਸ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਸੀ ਤੇ ਉਹ ਸੋਸ਼ਲ ਮੀਡੀਆ 'ਤੇ ਉਸ ਦੀ ਰਿਹਾਈ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।