ਅੰਮ੍ਰਿਤਸਰ: ਇੱਥੋਂ ਦੇ ਬੱਸ ਅੱਡੇ ‘ਤੇ ਅੱਜ ਤਕਰੀਬਨ ਦੋ ਵਜੇ ਦੋ ਨਾਮਵਰ ਟ੍ਰਾਂਸਪੋਰਟ ਕੰਪਨੀਆਂ ਦੀ ਆਪਸੀ ਤਕਰਾਰ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ ‘ਚ ਇੱਕ-ਦੂਜੇ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕੰਪਨੀਆਂ ‘ਚ ਬੱਸ ਅੱਡੇ ਦੇ ਕਾਉਂਟਰ ਇੱਕ ਤੇ ਦੋ ‘ਚ ਟਾਈਮਟੇਬਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਜੋ ਅੱਜ ਹਮਲੇ ‘ਚ ਤਬਦੀਲ ਹੋ ਗਈ।

ਇਸੇ ਝਗੜੇ ਦੌਰਾਨ ਮੌਕੇ ‘ਤੇ ਹਵਾਈ ਫਾਈਰਿੰਗ ਵੀ ਕੀਤੀ ਗਈ ਜਿਸ ‘ਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ ਪਰ ਇਸ ਦੌਰਾਨ 1-2 ਬੱਸਾਂ ਨੂੰ ਜ਼ਰੂਰ ਨੁਕਸਾਨ ਪਹੁੰਚਿਆ ਹੈ। ਦੱਸ ਦਈਏ ਕਿ ਇਹ ਝਗੜਾ ਬਾਬਾ ਬੁੱਢਾ ਟ੍ਰਾਂਸਪੋਰਟ ਤੇ ਨਿਊ ਦੀਪ ਬੱਸ ਸਰਵਿਸ ਵਿਚਾਲੇ ਹੋਇਆ ਹੈ।



ਬਾਬਾ ਬੁੱਢਾ ਟ੍ਰਾਂਸਪੋਰਟ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀ ਹੈ ਜਦਕਿ ਦੂਜੀ ਟ੍ਰਾਂਸਪੋਰਟ ਕੰਪਨੀ ਨਿਊ ਦੀਪ ਵੀ ਸੀਨੀਅਰ ਅਕਾਲੀ ਨੇਤਾ ਡਿੰਪੀ ਦੀ ਹੈ ਜੋ ਗਿਦੜਵਾਹਾ ਤੋਂ ਐਮਐਲਏ ਦੀ ਚੋਣ ਵੀ ਲੜ ਚੁੱਕਿਆ ਹੈ। ਇਸ ਘਟਨਾ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਪਰ ਫੇਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।