ਸਹੁਰੇ ਘਰ ਵੜ ਕੇ ਅੰਨ੍ਹੇਵਾਹ ਫਾਇਰਿੰਗ, ਸੱਸ ਦੀ ਮੌਤ, ਪਤਨੀ ਜ਼ਖ਼ਮੀ
ਏਬੀਪੀ ਸਾਂਝਾ | 19 Oct 2016 05:15 PM (IST)
ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਵਿੱਚ ਇੱਕ ਵਿਅਕਤੀ ਨੇ ਆਪਣੇ ਸੁਹਰੇ ਘਰ ਵੜ ਕੇ ਆਪਣੀ ਪਤਨੀ ਤੇ ਸੱਸ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਸੱਸ ਦੀ ਮੌਤ ਹੋ ਗਈ ਜਦੋਂਕਿ ਪਤਨੀ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਥਾਣਾ ਸੁਧਾਰ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਨੰਗਲ ਖੁਰਦ ਵਾਸੀ ਹਰਜੋਤ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਪਿੰਡ ਰੱਤੋਵਾਲ ਵਾਸੀ ਜਗਸੀਰ ਸਿੰਘ ਉਰਫ ਸੀਰਾ ਨਾਲ ਹੋਇਆ ਸੀ। ਉਨ੍ਹਾਂ ਦਾ ਪੰਜ ਸਾਲ ਦਾ ਬੇਟਾ ਸੀ। ਆਪਸੀ ਵਿਵਾਦ ਦੇ ਚੱਲਦੇ ਦੋ ਦਿਨ ਪਹਿਲਾਂ ਹਰਜੋਤ ਦਾ ਭਰਾ ਗੁਰਬਚਨ ਸਿੰਘ ਉਸ ਨੂੰ ਆਪਣੇ ਘਰ ਲੈ ਆਇਆ ਸੀ। ਇਸ ਗੱਲ਼ ਤੋਂ ਖਿਝਿਆ ਜਗਸੀਰ ਆਪਣੇ ਲਾਇਸੰਸੀ ਬੰਦੂਕ ਲੈ ਕੇ ਸਹੁਰੇ ਪਹੁੰਚ ਗਿਆ। ਸੱਸ ਮਨਜੀਤ ਕੌਰ ਨੇ ਬੰਦੂਕ ਨਾਲ ਲਿਆਉਣ ਦਾ ਕਾਰਨ ਪੁੱਛਿਆ ਤਾਂ ਤੈਸ਼ ਵਿੱਚ ਆਏ ਮੁਲਜ਼ਮ ਨੇ ਗੋਲੀਆਂ ਦੀ ਬੁਝਾੜ ਕਰ ਦਿੱਤੀ। ਹਮਲੇ ਵਿੱਚ ਜ਼ਖ਼ਮੀ ਮਨਜੀਤ ਕੌਰ ਜ਼ਮੀਨ 'ਤੇ ਡਿੱਗ ਗਈ ਤਾਂ ਮੁਲਜ਼ਮ ਨੇ ਪਤਨੀ ਹਰਜੋਤ ਕੌਰ 'ਤੇ ਵੀ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਮੁਲਜ਼ਮ ਸਾਬਕਾ ਫੌਜੀ ਹੈ ਤੇ ਇੱਕ ਬੈਂਕ ਵਿੱਚ ਸੁਰੱਖਿਆ ਗਾਰਡ ਹੈ।