ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਸੂਰਿਆ ਇਨਕਲੇਵ ਵਿੱਚ ਦਿਨ-ਦਿਹਾੜੇ ਬੀਐਸਐਫ ਦੇ ਐਸਪੀ ਦੇ ਘਰ ਕੁਝ ਮੁੰਡਿਆਂ ਨੇ ਫਾਈਰਿੰਗ ਕੀਤੀ। ਬਾਰਡਰ ਸਿਕਿਉਰਿਟੀ ਫੋਰਸ ਵਿੱਚ ਐਸਪੀ ਵਿਪਿਨ ਸ਼ਰਮਾ ਦੇ ਘਰ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਉਨ੍ਹਾਂ ਦੇ ਬੈੱਡਰੁਮ ਤੇ ਇੱਕ ਲੌਬੀ ਵਿੱਚ ਲੱਗੀ। ਸੀਸੀਟੀਵੀ ਵਿੱਚ ਚਾਰ ਮੁੰਡੇ ਨਜ਼ਰ ਆਏ ਹਨ। ਕੱਲ੍ਹ ਰਾਤ ਹੀ ਐਸਪੀ ਡਿਉਟੀ ਜੁਆਈਨ ਕਰਨ ਭਿਖੀਵਿੰਡ ਗਏ ਸਨ।
ਐਸਪੀ ਦੀ ਪਤਨੀ ਜੈਸਿਕਾ ਸ਼ਰਮਾ ਨੇ ਦੱਸਿਆ ਕਿ ਜਿਸ ਵੇਲੇ ਗੋਲੀਆਂ ਚੱਲੀਆਂ ਉਹ ਘਰ ਵਿੱਚ ਇਕੱਲੇ ਸਨ। ਬੱਚੇ ਕਾਲਜ ਗਏ ਹੋਏ ਸਨ। ਐਸਪੀ ਦੇ ਘਰ ਫਾਈਰਿੰਗ ਤੋਂ ਬਾਅਦ ਪੁਲਿਸ ਮਹਿਕਮਾ ਹਰਕਤ ਵਿੱਚ ਆ ਗਿਆ। ਜਿੱਥੇ ਗੋਲੀਆਂ ਚੱਲੀਆਂ, ਉੱਥੋਂ ਕੁੱਝ ਦੂਰ ਹੀ ਰਾਮਾਮੰਡੀ ਥਾਣਾ ਹੈ। ਪੁਲਿਸ ਫੋਰਸ ਤੇ ਲੀਡਰ ਐਸਪੀ ਦੇ ਘਰ ਆਉਣੇ ਸ਼ੁਰੂ ਹੋ ਗਏ। ਬੀਜੇਪੀ ਲੀਡਰ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ।
ਜਲੰਧਰ ਪੁਲਿਸ ਨੂੰ ਇਸ ਪਿੱਛੇ ਫਿਲਹਾਲ ਕੋਈ ਸਾਜ਼ਿਸ਼ ਨਹੀਂ ਨਜ਼ਰ ਆ ਰਹੀ ਪਰ ਉਹ ਵੀ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਕਰਨ ਵਿੱਚ ਲੱਗੇ ਹੋਏ ਹਨ।