ਫਿਰੋਜ਼ਪੁਰ: ਭਾਰਤ ਸਰਕਾਰ ਵੱਲੋਂ ਅਚਾਨਕ ਦੋ ਦਿਨ ਪਹਿਲਾਂ ਬੰਦ ਕੀਤੀ 500 ਤੇ 1000 ਰੁਪਏ ਦੀ ਕਰੰਸੀ ਨਾਲ ਪੈਦਾ ਹੋਈਆਂ ਦਿੱਕਤਾਂ ਨਾਲ ਅਜੇ ਵੀ ਲੋਕ ਜੂਝ ਰਹੇ ਹਨ। ਲੋਕਾਂ ਦੀਆਂ ਜੇਬਾਂ ਵਿੱਚੋਂ ਛੋਟੇ ਨੋਟ ਖਤਮ ਹੋ ਗਏ ਹਨ ਤੇ 500 ਤੇ 1000 ਰੁਪਏ ਨੂੰ ਕੋਈ ਲੈਣ ਲਈ ਤਿਆਰ ਨਹੀਂ।

ਦੇਸ਼ ਵਿੱਚ ਅੱਜ ਨੋਟਾਂ ਦਾ ਤਬਾਦਲਾ ਸ਼ੁਰੂ ਹੋ ਗਿਆ ਹੈ ਪਰ ਫਿਰੋਜ਼ਪੁਰ ਵਿੱਚ 500 ਤੇ 2000 ਦੇ ਨਵੇਂ ਨੋਟ ਨਹੀਂ ਪਹੁੰਚੇ। ਇਸ ਲਈ ਲੋਕਾਂ ਕਾਫੀ ਖੱਜਲ-ਖੁਆਰ ਹੁੰਦੇ ਦਿਖੇ। ਸਟੇਟ ਬੈਂਕ ਆਫ ਇੰਡੀਆ ਦੀਆਂ ਫਿਰੋਜ਼ਪੁਰ ਵਿਚਲੀਆਂ ਬ੍ਰਾਂਚਾਂ ਵਿੱਚ ਨਵੀਂ ਕਰੰਸੀ ਨਹੀਂ ਪਹੁੰਚ ਸਕੀ। ਬੈਂਕ ਮੁਲਾਜ਼ਮ ਆਉਂਦੇ ਲੋਕਾਂ ਨੂੰ 100 ਦੇ ਨੋਟ ਦੇ ਕੇ ਹੀ ਡੰਗ ਸਾਰ ਰਹੇ ਹਨ।

ਬੈਂਕ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਤੱਕ ਨਵੀਂ ਕਰੰਸੀ ਨਹੀਂ ਪਹੁੰਚੀ ਇਸ ਕਰਕੇ ਬੈਂਕ ਕੋਲ ਜੋ ਪੁਰਾਣੇ 100 ਦੇ ਨੋਟ ਪਏ ਹਨ, ਲੋਕਾਂ ਵਿੱਚ ਵੰਡੇ ਜਾ ਰਹੇ ਹਨ। ਅੱਜ ਬੈਂਕ ਖੁੱਲ੍ਹਣ ਨਾਲ ਜਿਉਂ ਹੀ ਲੋਕ ਬੈਂਕਾਂ ਤੋਂ ਨਵੀਂ ਕਰੰਸੀ ਲੈਣ ਪਹੁੰਚੇ ਤਾਂ ਉਥੋਂ ਨਮੋਸ਼ੀ ਨਾਲ ਝੋਲੀਆਂ ਭਰ ਮੁੜਣਾ ਪਿਆ।

ਬੈਂਕਾਂ ਵਿੱਚ ਗੇੜੇ ਮਾਰਨ ਵਾਲੇ ਲੋਕਾਂ ਨੇ ਕਿਹਾ ਕਿ ਦੋ ਦਿਨਾਂ ਤੋਂ ਉਹ ਪੈਸਿਆਂ ਦੀ ਕਿੱਲਤ ਨਾਲ ਦੋ-ਚਾਰ ਹੋ ਰਹੇ ਹਨ। ਅੱਜ ਜਦੋਂ ਬੈਂਕ ਖੁੱਲ੍ਹਣ ਮਗਰੋਂ ਪੈਸੇ ਲੈਣ ਗਏ ਤਾਂ ਉਥੇ ਹੀ ਲੰਬੀ ਕਤਾਰ ਦਾ ਸਾਹਮਣਾ ਕਰਨ ਉਪਰੰਤ ਦੋ ਹਜ਼ਾਰ ਵੀ 100 ਦੇ ਨੋਟਾਂ ਵਾਲੇ ਪ੍ਰਾਪਤ ਹੋਏ।