ਚੰਡੀਗੜ੍ਹ: ਪੰਥਕ ਸਿਆਸਤ ਵਿੱਚ ਕੈਪਟਨ ਸਰਕਾਰ ਨਵਾਂ ਇਤਿਹਾਸ ਸਿਰਜਨ ਜਾ ਰਹੀ ਹੈ। ਜਿਹੜਾ ਕੰਮ ਅੱਜ ਤੱਕ ਪੰਥਕ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਝ ਤੱਕ ਨਹੀਂ ਕਰ ਸਕਿਆ, ਉਹ ਕਾਂਗਰਸ ਸਰਕਾਰ ਕਰਨ ਜਾ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਵਿੱਚ ਹੋਣ ਜਾ ਰਹੀ ਹੈ। ਇਹ ਮੀਟਿੰਗ ਭਲਕੇ 10 ਸਤੰਬਰ ਨੂੰ ਹੋਵੇਗੀ।


ਖਾਸ ਗੱਲ਼ ਹੈ ਕਿ ਇਸ ਮੀਟਿੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦਾ 550ਵਾਂ ਗੁਰਪੁਰਬ ਮਨਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਾਗਮਾਂ ਨੂੰ ਲੈ ਕੇ ਪਏ ਰੇੜਕੇ ਕਾਰਨ ਇਸ ਮੀਟਿੰਗ ਦੀ ਅਹਿਮੀਅਤ ਹੋਰ ਵੱਧ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਜਦੋਂ ਦੀ ਪੰਜਾਬ ਦੀ ਰਾਜਧਾਨੀ ਬਣੀ ਹੈ, ਉਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਕਦੇ ਨਹੀਂ ਹੋਈ। ਹੁਣ 10 ਸਤੰਬਰ ਨੂੰ ਦੁਪਹਿਰ 12 ਵਜੇ ਸੁਲਤਾਨਪੁਰ ਲੋਧੀ ਵਿੱਚ ਵਜ਼ਾਰਤ ਦੀ ਮੀਟਿੰਗ ਕਰਕੇ ਨਵਾਂ ਇਤਿਹਾਸ ਰਚਣ ਦਾ ਯਤਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਕਈ ਸਰਕਾਰਾਂ ਬਣਾਉਣ ਦੇ ਮੌਕੇ ਮਿਲੇ ਹਨ ਪਰ ਉਹ ਕੋਈ ਵੀ ਮੀਟਿੰਗ ਚੰਡੀਗੜ੍ਹ ਤੋਂ ਬਾਹਰ ਨਹੀਂ ਕਰ ਸਕੇ। ਮੀਟਿੰਗ ਸੁਲਤਾਨਪੁਰ ਲੋਧੀ ਦੇ ਮਾਰਕੀਟ ਕਮੇਟੀ ਦੇ ਕੰਪਲੈਕਸ ਵਿੱਚ ਕੀਤੀ ਜਾਵੇਗੀ।

ਕੈਪਟਨ ਸਰਕਾਰ ਚੰਡੀਗੜ੍ਹ ਤੋਂ ਬਾਹਰ ਮੀਟਿੰਗ ਕਰਕੇ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਹ ਗੁਰਪੁਰਬ ਤੇ ਸ਼ਤਾਬਦੀਆਂ ਮਨਾਉਣ ਦੇ ਮਾਮਲੇ ਵਿਚ ਅਕਾਲੀਆਂ ਨਾਲੋਂ ਅੱਗੇ ਹੈ। ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਕੀਤੇ ਨੋਟਿਸ ਵਿਚ ਪ੍ਰਮੁੱਖ ਸਕੱਤਰਾਂ ਤੇ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਵਿਭਾਗ ਦਾ ਕੋਈ ਜ਼ਰੂਰੀ ਏਜੰਡਾ 9 ਸਤੰਬਰ ਤੱਕ ਪੁੱਜਦਾ ਕਰ ਦੇਣ।