ਚੰਡੀਗੜ੍ਹ: ਨਸ਼ਾ ਤਸਕਰਾਂ 'ਤੇ ਪੁਲਿਸ ਦੀ ਸਖ਼ਤੀ ਤੋਂ ਬਾਅਦ ਨਸ਼ੇ ਦੇ ਕਾਰੋਬਾਰੀ ਨਵੇਂ-ਨਵੇਂ ਤਰੀਕਿਆਂ ਨਾਲ ਨਸ਼ੇ ਦੀ ਸਪਲਾਈ ਕਰ ਰਹੇ ਹਨ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਲੁਧਿਆਣਾ ਦੇ ਜਗਰਾਵਾਂ ਕੋਲੋਂ ਅਜਿਹੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੱਛੀਆਂ ਦੇ ਪੇਟ ਵਿੱਚ ਨਸ਼ਾ ਰੱਖ ਕੇ ਮੋਗਾ ਡਿਲਿਵਰੀ ਦੇਣ ਜਾ ਰਹੀ ਸੀ। ਦੱਖਣੀ ਅਫ਼ਰੀਕੀ ਮੁਲਕ ਯੁਗਾਂਡਾ ਦੀ ਔਰਤ 6 ਮੱਛੀਆਂ ਵਿੱਚ ਡੇਢ ਕਿੱਲੋ ਚਿੱਟਾ ਲੈ ਕੇ ਦਿੱਲੀ ਤੋਂ ਮੋਗਾ ਡਿਲਿਵਰੀ ਦੇਣ ਜਾ ਰਹੀ ਹੈ।
ਔਰਤ ਮੈਡੀਕਲ ਵੀਜ਼ੇ 'ਤੇ ਇੰਡੀਆ ਆਈ ਹੈ ਤੇ ਦਿੱਲੀ ਦੇ ਉੱਤਮ ਨਗਰ ਵਿੱਚ ਰਹਿੰਦੀ ਹੈ। ਉਸ ਨੇ ਦੋ ਨਾਂ ਦੱਸੇ ਹਨ। ਇੱਕ ਚਿੱਟਾ ਗਰੋਹ ਦਾ ਤਸਕਰ ਨਾਭਾ ਜੇਲ੍ਹ ਵਿੱਚ ਬੰਦ ਹੈ। ਉਹ ਵੀ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਹੈ। ਪੁਲਿਸ ਦੀ ਹੁਣ ਤੱਕ ਦੀ ਪੁੱਛਗਿੱਛ ਵਿੱਚ ਇਹ ਨਹੀਂ ਪਤਾ ਲੱਗਿਆ ਹੈ ਕਿ ਔਰਤ ਖ਼ੁਦ ਨਸ਼ਾ ਤਸਕਰ ਹੈ ਜਾਂ ਸਿਰਫ਼ ਕੋਰੀਅਰ ਦਾ ਕੰਮ ਕਰਦੀ ਹੈ।
ਚਿੱਟੇ ਦੀ ਇਹ ਸਪਲਾਈ ਨਸ਼ੇ ਲਈ ਜਾਣੇ ਜਾਂਦੇ ਮੋਗੇ ਦੇ ਪਿੰਡ ਦੋਣੇਵਾਲਾ ਵਿੱਚ ਜਾਣੀ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਸਰਹੰਦ ਕੋਲੋਂ ਰਾਜੂ ਨਾਂ ਦੇ ਤਸਕਰ ਨੂੰ ਭੁੱਕੀ ਸਣੇ ਗ੍ਰਿਫ਼ਤਾਰ ਕੀਤਾ ਸੀ। ਉਹ ਨਾਭਾ ਜੇਲ੍ਹ ਵਿੱਚ ਹੈ। ਇੱਥੇ ਹੀ ਉਸ ਦੀ ਮੁਲਾਕਾਤ ਮਾਈਕਲ ਨਾਲ ਹੋਈ ਤੇ ਜੇਲ੍ਹ ਵਿਚੋਂ ਹੀ ਨਸ਼ੇ ਦਾ ਕਾਰੋਬਾਰ ਹੋਣ ਲੱਗਿਆ।
ਆਈਜੀ ਅਰਪਿਤ ਸ਼ੁਕਲਾ ਮੁਤਾਬਕ ਜਨਵਰੀ ਮਹੀਨੇ ਦੇ 26 ਦਿਨਾਂ ਤੇ 2017 ਦੀ ਜਨਵਰੀ ਦੇ 26 ਦਿਨਾਂ ਨੂੰ ਵੇਖੀਏ ਤਾਂ ਇਸ ਸਾਲ 300 ਗੁਣਾ ਜ਼ਿਆਦਾ ਕੇਸ ਦਰਜ ਹੋਏ ਹਨ ਤੇ ਰਿਕਵਰੀ ਵੀ ਇੰਨੀ ਹੀ ਵਧੀ ਹੈ।