ਅੰਮ੍ਰਿਤਸਰ-ਬਰਮਿੰਘਮ ਹਵਾਈ ਉਡਾਣ ਨੂੰ ਬ੍ਰੇਕ, ਪੰਜਾਬੀਆਂ ਨੂੰ ਘਾਟਾ
ਏਬੀਪੀ ਸਾਂਝਾ | 26 Mar 2019 04:52 PM (IST)
ਚੰਡੀਗੜ੍ਹ: ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਹਵਾਈ ਉਡਾਣ ਦਾ ਰਾਹ ਬਦਲਦਿਆਂ ਇਸ ਨੂੰ ਮੁੜ ਦਿੱਲੀ-ਬਰਮਿੰਘਮ ਵਿਚਾਲੇ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇਸ ਫੈਸਲੇ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਕਸ਼ੀਦਗੀ ਵਾਲੇ ਮਾਹੌਲ ਨਾਲ ਜੋੜਿਆ ਹੈ। ਉਧਰ, ਇਸ ਨਾਲ ਪਰਵਾਸੀ ਭਾਰਤੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਕਾਫੀ ਖਫਾ ਹਨ। ਹਾਸਲ ਜਾਣਕਾਰੀ ਮੁਤਾਬਕ ਏਅਰ ਇੰਡੀਆ ਵੱਲੋਂ ਪਹਿਲਾਂ ਵੀ ਇਹ ਸਿੱਧੀ ਉਡਾਣ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਜਾਂਦੀ ਸੀ। ਫਿਰ ਇਹ ਬੰਦ ਕਰ ਦਿੱਤੀ ਗਈ। ਇਸ ਨੂੰ ਹੁਣ 8 ਸਾਲਾਂ ਬਾਅਦ ਮੁੜ ਪਿਛਲੇ ਵਰ੍ਹੇ ਫਰਵਰੀ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਬਰਮਿੰਘਮ ਵਾਸਤੇ ਸਿੱਧੀ ਉਡਾਣ ਵਜੋਂ ਸ਼ੁਰੂ ਕੀਤਾ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਹਵਾਈ ਅੱਡਾ ਸਥਿਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਡਾਣ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਵਾਸਤੇ ਸਿੱਧਾ ਚਲਾਏ ਜਾਣ ਕਾਰਨ ਇਹ ਉਡਾਣ ਲਾਹੇਵੰਦ ਸਾਬਤ ਹੋ ਰਹੀ ਸੀ। ਐਨਆਰਆਈ ਵੱਲੋਂ ਇਸ ਉਡਾਣ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਹਵਾਈ ਉਡਾਣ ਵਿਚ ਕੀਤਾ ਗਿਆ ਇਹ ਬਦਲਾਅ ਮੌਜੂਦਾ ਪ੍ਰਸਿਥਤੀਆਂ ਕਾਰਨ ਕੀਤਾ ਗਿਆ ਹੈ। ਹੁਣ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਠੀਕ ਹੋਣ ਮਗਰੋਂ ਹੀ ਇਹ ਉਡਾਣ ਮੁੜ ਅੰਮ੍ਰਿਤਸਰ ਤੋਂ ਬਹਾਲ ਹੋ ਸਕੇਗੀ। ਉਧਰ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰੂਟ ਤਬਦੀਲ ਕੀਤੇ ਜਾਣ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਪਾਰਟੀ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਰਾਜਧਾਨੀ ਦੇ ਹਵਾਈ ਅੱਡੇ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਤੇ ਬਹੁਭਾਂਤੀ ਮਾਫ਼ੀਆ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਇੱਕ ਪਾਸੇ ਮੰਨ ਰਹੀ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਗਈ ਸਿੱਧੀ ਉਡਾਣ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਸੀ, ਦੂਜੇ ਪਾਸੇ ਬਾਲਾਕੋਟ ਹਵਾਈ ਹਮਲੇ ਉਪਰੰਤ ਪੈਦਾ ਹੋਏ ਤਣਾਅ ਦੌਰਾਨ 27 ਫਰਵਰੀ ਤੋਂ ਬੰਦ ਇਹ ਉਡਾਣ ਅਜੇ ਤੱਕ ਅੰਮ੍ਰਿਤਸਰ ਤੋਂ ਮੁੜ ਸ਼ੁਰੂ ਨਹੀਂ ਕੀਤੀ। ਜਦ ਕਿ ਹੁਣ ਭਾਰਤ ਪਾਕਿਸਤਾਨ ਸੀਮਾ ਉੱਤੇ ਕਾਫ਼ੀ ਸਮਾਂ ਪਹਿਲਾਂ ਹੀ ਹਾਲਾਤ ਆਮ ਵਰਗੇ ਹੋ ਚੁੱਕੇ ਹਨ। ਰੋੜੀ ਨੇ ਨਾ ਕੇਵਲ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਰੱਖੀ ਸਗੋਂ ਇੰਗਲੈਂਡ ਦੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੁਬਈ, ਸਿੰਗਾਪੁਰ, ਮਲੇਸ਼ੀਆ, ਸਾਉਦੀ ਅਰਬ ਅਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।