ਅੰਮ੍ਰਿਤਸਰ: ਬੀਤੀ ਰਾਤ ਅੰਮ੍ਰਿਤਸਰ ਪੁਲਿਸ ਨੇ ਸਿਆੜਾਂ ਇਲਾਕੇ ਵਿੱਚ ਜੀਟੀ ਰੋਡ ’ਤੇ ਨਾਕੇਬੰਦੀ ਦੌਰਾਨ ਬਰੀਜਾ ਕਾਰ ਵਿੱਚੋਂ ਅੱਠ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਲੋਕ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਹੋਣ ਕਰਕੇ ਅੰਮ੍ਰਿਤਸਰ ਪੁਲਿਸ ਸ਼ਹਿਰ ਵਿੱਚ ਨਾਕਾਬੰਦੀ ਕਰ ਰਹੀ ਸੀ। ਕਾਰ ਚਾਲਕ ਬਲਵਿੰਦਰ ਸਿੰਘ ਚਿੜੀ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਕਾਰ ਚਾਲਕ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਸ ਸਬੰਧੀ ਪੁਲਿਸ ਕਮਿਸ਼ਨਰ ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿਛ ਦੌਰਾਨ ਕਾਰ ਚਾਲਕ ਨੇ ਦੱਸਿਆ ਕਿ ਉਹ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹੈ। ਉਹ ਤਰਨ ਤਾਰਨ ਦੇ ਖੇਤਰ ਵਿੱਚ ਨਸ਼ੇ ਦੇ ਕਿਸੇ ਸੌਦੇ ਸਬੰਧੀ ਆਇਆ ਸੀ। ਪੁਲਿਸ ਇਸ ਡੀਲ ਬਾਰੇ ਵੀ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਖਿਲਾਫ਼ ਪਠਾਨਕੋਟ ਥਾਣੇ ਵਿੱਚ ਢਾਈ ਕਿੱਲੋਂ ਚਰਸ ਦੀ ਰਿਕਵਰੀ ਦਾ ਵੀ ਕੇਸ ਦਰਜ ਹੈ। ਪੁਲਿਸ ਇਸ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਇਸ ਕੇਸ ਵਿੱਚ ਵੱਡਾ ਖੁਲਾਸਾ ਹੋਵੇਗਾ।