ਚੰਡੀਗੜ੍ਹ: ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਅਕਾਲੀ ਲੀਡਰ ਤੇਜਿੰਦਰਪਾਲ ਸਿੰਘ ਸੰਧੂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸੰਧੂ ਅਕਾਲੀ ਦਲ ਦੇ ਸੀਨੀਅਰ ਲੀਡਰ ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਹਨ। ਸੰਧੂ ਪਰਿਵਾਰ ਦਾ ਪਟਿਆਲਾ ਦੇ ਦੇਹਾਤੀ ਇਲਾਕੇ ਵਿੱਚ ਚੰਗਾ ਆਧਾਰ ਹੈ।
ਯਾਦ ਰਹੇ ਮਰਹੂਮ ਜਸਦੇਵ ਸਿੰਘ ਸੰਧੂ ਘਨੌਰ, ਸਨੌਰ, ਧੂਰੀ ਤੋਂ ਪੰਜ ਵਾਰ ਵਿਧਾਇਕ ਤੇ ਸੂਬੇ ਦੇ ਮੰਤਰੀ ਰਹੇ ਹਨ। ਉਨ੍ਹਾਂ ਦਾ ਪਟਿਆਲਾ ਖੇਤਰ ਵਿੱਚ ਚੰਗਾ ਆਧਾਰ ਹੈ ਜਿਸ ਦਾ ਕਾਂਗਰਸ ਨੂੰ ਵੱਡਾ ਲਾਹਾ ਮਿਲੇਗਾ ਤੇ ਅਕਾਲੀ ਦਲ ਦਾ ਹਾਲਤ ਹੋਰ ਪਤਲੀ ਹੋ ਜਾਏਗੀ।
ਤੇਜਿੰਦਰਪਾਲ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਦਾ ਹੱਥ ਫੜਿਆ। ਕਾਂਗਰਸ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਆਗਾਮੀ ਲੋਕ ਸਭਾ ਚੋਣਾਂ ਲਈ ਵੱਡਾ ਹੁਲਾਰਾ ਮਿਲਿਆ ਹੈ।
ਇਸੇ ਤਰ੍ਹਾਂ ਸਾਬਕਾ ਅਕਾਲੀ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਬੇਟੇ ਅਮਨਦੀਪ ਸਿੰਘ ਕਾਂਝਲਾ ਨੇ ਵੀ ਕਾਂਗਰਸ ਦਾ ਹੱਥ ਫੜ ਲਿਆ। ਕਾਂਝਲਾ ਪਰਿਵਾਰ ਦਾ ਸੰਗਰੂਰ ਹਲਕੇ ਵਿੱਚ ਚੰਗਾ ਆਧਾਰ ਹੈ।