Flood in Punjab: ਪੰਜਾਬ 'ਤੇ ਹੜ੍ਹਾਂ ਦੀ ਹੋਰ ਮਾਰ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਵੱਲੋਂ ਦਰਿਆਵਾਂ ਵਿੱਚ ਹੋਰ ਪਾਣੀ ਆ ਰਿਹਾ ਹੈ। ਅੱਜ ਦੁਪਹਿਰ 12 ਵਜੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਤਲੁਜ ਦਰਿਆ 'ਤੇ ਬਣੇ ਕੋਲ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਤੱਕ ਵਧ ਜਾਵੇਗਾ। ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ।
ਦੂਜੇ ਪਾਸੇ ਅੱਜ ਹਿਮਾਚਲ ਵਿੱਚ ਮਾਨਸੂਨ ਥੋੜ੍ਹਾ ਕਮਜ਼ੋਰ ਹੋਣ ਦੀ ਉਮੀਦ ਹੈ ਪਰ ਕੱਲ੍ਹ ਤੋਂ ਪੱਛਮੀ ਗੜਬੜੀ ਫਿਰ ਸਰਗਰਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ 23 ਤੋਂ 25 ਅਗਸਤ ਤੱਕ ਭਾਰੀ ਮੀਂਹ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੱਲ੍ਹ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 23 ਅਗਸਤ ਨੂੰ ਕਾਂਗੜਾ, ਕੁੱਲੂ ਤੇ ਸਿਰਮੌਰ ਵਿੱਚ ਯੈਲੋ ਅਲਰਟ ਜਾਰੀ ਕੀਤੀ ਗਿਆ ਹੈ।
ਸਿਰਮੌਰ ਜ਼ਿਲ੍ਹੇ ਲਈ 24 ਅਗਸਤ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਤੇ ਕਿਨੌਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮਾਨਸੂਨ ਸੀਜ਼ਨ ਵਿੱਚ ਬਾਰਸ਼ ਕਾਰਨ ਭਾਰੀ ਤਬਾਹੀ ਹੋ ਰਹੀ ਹੈ। ਹੁਣ ਤੱਕ 2281 ਕਰੋੜ ਰੁਪਏ ਦੀ ਸਰਕਾਰੀ ਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਭਾਰੀ ਬਾਰਿਸ਼, ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 635 ਘਰ ਪੂਰੀ ਤਰ੍ਹਾਂ ਢਹਿ ਗਏ ਤੇ 2146 ਘਰ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਹਨ। ਇਸੇ ਤਰ੍ਹਾਂ 385 ਦੁਕਾਨਾਂ ਤੇ 2527 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮਾਨਸੂਨ ਸੀਜ਼ਨ ਦੌਰਾਨ (20 ਜੂਨ ਤੋਂ 20 ਅਗਸਤ ਦੇ ਵਿਚਾਲੇ) ਆਮ ਨਾਲੋਂ 17 ਪ੍ਰਤੀਸ਼ਤ ਜ਼ਿਆਦਾ ਮੀਂਹ ਤੇ ਅਗਸਤ ਮਹੀਨੇ ਵਿੱਚ ਆਮ ਨਾਲੋਂ 34 ਪ੍ਰਤੀਸ਼ਤ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਕੁੱਲੂ ਜ਼ਿਲ੍ਹੇ ਵਿੱਚ ਆਮ ਨਾਲੋਂ 112 ਫ਼ੀਸਦੀ, ਸੋਲਨ ਵਿੱਚ 95 ਫ਼ੀਸਦੀ, ਸ਼ਿਮਲਾ ਵਿੱਚ 102 ਫ਼ੀਸਦੀ, ਬਿਲਾਸਪੁਰ ਵਿੱਚ 59 ਫ਼ੀਸਦੀ, ਚੰਬਾ ਵਿੱਚ 17, ਹਮੀਰਪੁਰ ਵਿੱਚ 39, ਕਾਂਗੜਾ ਵਿੱਚ 14, ਕਿਨੌਰ ਵਿੱਚ 59, ਮੰਡੀ ਵਿੱਚ 46, ਸਿਰਮੌਰ ਵਿੱਚ 24 ਤੇ ਊਨਾ ਵਿੱਚ 68 ਫ਼ੀਸਦੀ ਵੱਧ ਮੀਂਹ ਪਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।