Flood in Punjab: ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਇਲਾਕੇ ’ਚ ਵੱਸਦੇ ਲੋਕ ਖੌਫਜ਼ਦਾ ਹਨ। ਫਾਜ਼ਿਲਕਾ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਦਰਿਆ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਦਾਖਲ ਹੋਣ ਨਾਲ ਫਸਲਾਂ ਤਬਾਹ ਹੋਈਆਂ ਹਨ ਪਰ ਡਰੇਨੇਜ ਵਿਭਾਗ ਦਾ ਦਾਅਵਾ ਹੈ ਕਿ ਫਿਲਹਾਲ ਡੈਮਾਂ ਤੋਂ ਪਾਣੀ ਸਤਲੁਜ ’ਚ ਨਹੀਂ ਆ ਰਿਹਾ ਤੇ ਇਹ ਬਰਸਾਤੀ ਪਾਣੀ ਹੀ ਹੈ। ਉਂਝ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਟੀਮ ਨਾਲ ਮੌਕ ਡਰਿੱਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਡਰੇਨੇਜ ਵਿਭਾਗ ਦਾ ਦਾਅਵਾ ਹੈ ਕਿ ਅਜੇ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਬੇਸ਼ੱਕ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਸ਼ ਹੋ ਰਹੀ ਹੈ ਪਰ ਪੰਜਾਬ ਦੇ ਡੈਮ ਅਜੇ ਵੀ ਲਗਪਗ 50 ਪ੍ਰਤੀਸ਼ਤ ਖਾਲੀ ਹਨ। 16 ਜੁਲਾਈ, 2025 ਨੂੰ ਸਵੇਰੇ 6 ਵਜੇ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ 'ਤੇ ਬਣੇ ਮੁੱਖ ਡੈਮਾਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਿਤੇ ਹੇਠਾਂ ਸੀ। ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ ਦੀ ਪੂਰੀ ਭਰਾਈ ਦੀ ਉਚਾਈ 1685 ਫੁੱਟ ਹੈ ਤੇ ਇਸ ਦੀ ਕੁੱਲ ਭੰਡਾਰਨ ਸਮਰੱਥਾ 5.918 ਮਿਲੀਅਨ ਏਕੜ ਫੁੱਟ (MAF) ਹੈ। 

ਵੀਰਵਾਰ ਸਵੇਰੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1594.57 ਫੁੱਟ ਦਰਜ ਕੀਤਾ ਗਿਆ ਜੋ 2.920 MAF ਸੀ। ਇਹ ਕੁੱਲ ਸਮਰੱਥਾ ਦਾ ਲਗਪਗ 49.34 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਤਾਰੀਖ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1597.77 ਫੁੱਟ ਸੀ ਤੇ ਸਟੋਰ ਪਾਣੀ ਦੀ ਮਾਤਰਾ 2.994 MAF ਸੀ। ਪਾਣੀ ਦੀ ਆਮਦ 35,412 ਕਿਊਸਿਕ ਜਦੋਂ ਕਿ ਡਿਸਚਾਰਜ 27,062 ਕਿਊਸਿਕ ਰਿਹਾ।

ਇਸੇ ਤਰ੍ਹਾਂ ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਦੀ ਪੂਰੀ ਤਰ੍ਹਾਂ ਭਰਨ ਦੀ ਉਚਾਈ 1400 ਫੁੱਟ ਹੈ ਤੇ ਕੁੱਲ ਭੰਡਾਰਨ ਸਮਰੱਥਾ 6.127 ਐਮਏਐਫ ਹੈ। ਇੱਥੇ ਪਾਣੀ ਦਾ ਪੱਧਰ 1328.53 ਫੁੱਟ ਹੈ ਤੇ ਸਟੋਰ ਪਾਣੀ ਦੀ ਮਾਤਰਾ 2.485 ਐਮਏਐਫ ਹੈ, ਜੋ ਕੁੱਲ ਸਮਰੱਥਾ ਦਾ 40.56 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸ ਦਿਨ ਪਾਣੀ ਦਾ ਪੱਧਰ 1315.98 ਫੁੱਟ ਸੀ ਤੇ ਪਾਣੀ ਦੀ ਮਾਤਰਾ 1.974 ਐਮਏਐਫ ਸੀ। ਪਾਣੀ ਦੀ ਆਮਦ 21,815 ਕਿਊਸਿਕ ਤੇ ਡਿਸਚਾਰਜ 17,439 ਕਿਊਸਿਕ ਰਿਹਾ।

 

ਰਾਵੀ ਦਰਿਆ 'ਤੇ ਬਣੇ ਥੀਨ ਡੈਮ ਦੀ ਪੂਰੀ ਤਰ੍ਹਾਂ ਭਰਨ ਦੀ ਉਚਾਈ 1731.98 ਫੁੱਟ ਹੈ ਤੇ ਕੁੱਲ ਸਟੋਰ ਸਮਰੱਥਾ 2.663 ਐਮਏਐਫ ਹੈ। ਇੱਥੇ ਇਸ ਵੇਲੇ ਪਾਣੀ ਦਾ ਪੱਧਰ 1658.05 ਫੁੱਟ ਹੈ ਤੇ ਸਟੋਰ ਪਾਣੀ ਦੀ ਮਾਤਰਾ 1.476 ਐਮਏਐਫ ਦਰਜ ਕੀਤੀ ਗਈ, ਜੋ ਕੁੱਲ ਸਮਰੱਥਾ ਦਾ 55.43 ਪ੍ਰਤੀਸ਼ਤ ਹੈ। ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਪੱਧਰ 1641.22 ਫੁੱਟ ਸੀ ਤੇ ਸਟੋਰ ਪਾਣੀ ਦੀ ਮਾਤਰਾ 1.273 ਐਮਏਐਫ ਸੀ। ਰਾਵੀ ਵਿੱਚ ਪਾਣੀ ਦਾ ਵਹਾਅ 7,059 ਕਿਊਸਿਕ ਤੇ ਡਿਸਚਾਰਜ 9,413 ਕਿਊਸਿਕ ਰਿਹਾ।