ਪੰਜਾਬ ਵਿੱਚ ਅੱਜ, ਐਤਵਾਰ ਯਾਨੀਕਿ 5 ਅਕਤੂਬਰ ਤੋਂ 3 ਦਿਨਾਂ ਲਈ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਇਸਦਾ ਕਾਰਨ ਭਾਰੀ ਬਾਰਿਸ਼ ਦਾ ਅਲਰਟ ਹੈ। ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਦੇ ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ ਅਤੇ ਪੰਜਾਬ ਵਿੱਚ ਬਣੇ ਡੈਮ ਖਾਲੀ ਕੀਤੇ ਜਾ ਰਹੇ ਹਨ, ਤਾਂ ਜੋ ਤੇਜ਼ ਬਾਰਿਸ਼ ਦੀ ਸਥਿਤੀ ਵਿੱਚ ਇੱਥੇ ਪਾਣੀ ਸੰਭਾਲਿਆ ਜਾ ਸਕੇ। ਪਟਿਆਲੇ ਜ਼ਿਲ੍ਹੇ 'ਚ ਸਵੇਰੇ 6.10 ਮਿੰਟ 'ਤੇ ਕਾਲੇ-ਕਾਲੇ ਬੱਦਲ ਛਾ ਗਏ ਤੇ ਤੇਜ਼ ਹਵਾ ਚੱਲਣ ਲੱਗ ਪਈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਹੋਈ।
ਪ੍ਰਸ਼ਾਸਨ ਅਲਰਟ 'ਤੇ, ਇਨ੍ਹਾਂ ਜ਼ਿਲ੍ਹਿਆਂ 'ਚ ਹੜ੍ਹਾਂ ਦਾ ਖਤਰਾ
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਲਰਟ 'ਤੇ ਹੈ। ਇਸ ਤੋਂ ਇਲਾਵਾ ਰਾਵੀ, ਬਿਆਸ ਅਤੇ ਸਤਲੁਜ ਦਰਿਆ ਨਾਲ ਲੱਗਦੇ 13 ਜ਼ਿਲ੍ਹਿਆਂ ਵਿੱਚ ਵੀ ਪ੍ਰਸ਼ਾਸਨ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ। ਤੇਜ਼ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡਣ ਦੀ ਸਥਿਤੀ ਵਿੱਚ ਇੱਥੇ ਹੜ੍ਹ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫ਼ਾਜ਼ਿਲਕਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਤਰਨਤਾਰਨ, ਮੋਗਾ, ਲੁਧਿਆਨਾ, ਰੂਪਨਗਰ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ।
11 ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਦਾ ਅਲਰਟ
ਮੌਸਮ ਵਿਗਿਆਨ ਕੇਂਦਰ ਮੁਤਾਬਕ 11 ਜ਼ਿਲ੍ਹਿਆਂ - ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਫ਼ਾਜ਼ਿਲਕਾ ਅਤੇ ਮੁਕਤਸਰ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਆਮ ਤੋਂ ਵੱਧ ਬਾਰਿਸ਼ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਹਵਾਵਾਂ ਵੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਤੇਜ਼ ਬਾਰਿਸ਼ ਦੌਰਾਨ ਬਾਹਰ ਨਾ ਨਿਕਲਣ ਅਤੇ ਦਰੱਖ਼ਤਾਂ ਹੇਠਾਂ ਖੜ੍ਹੇ ਨਾ ਹੋਣ। ਲੋਕਾਂ ਨੂੰ ਜਲਭਰਾਅ ਵਾਲੀਆਂ ਥਾਵਾਂ ਅਤੇ ਦਰਿਆ-ਨਾਲਿਆਂ ਦੇ ਨੇੜੇ ਨਾ ਜਾਣ ਲਈ ਵੀ ਕਿਹਾ ਗਿਆ ਹੈ।
ਅੰਮ੍ਰਿਤਸਰ ਵਿੱਚ ਹਾਈ ਅਲਰਟ, ਹੈਲਪਲਾਈਨ ਨੰਬਰ ਜਾਰੀ
ਹੜ੍ਹ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਇਸ ਲਈ ਜ਼ਿਲ੍ਹਾ ਪੱਧਰ 'ਤੇ ਹੈਲਪਲਾਈਨ ਨੰਬਰ 0183-2229125 ਅਤੇ ਅਜਨਾਲਾ ਵਿੱਚ 01858-245510 ਜਾਰੀ ਕੀਤੇ ਗਏ ਹਨ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਫ਼ਿਲਹਾਲ ਦੋਵੇਂ ਦਰਿਆਵਾਂ ਦਾ ਪਾਣੀ ਕਾਬੂ ਵਿੱਚ ਹੈ ਅਤੇ ਆਮ ਤਰ੍ਹਾਂ ਵੱਗ ਰਹੀਆਂ ਹਨ।
ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਸੰਭਾਵਿਤ ਬਾਰਿਸ਼ ਕਾਰਨ ਡੈਮਾਂ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਪੱਧਰ ਵੱਧ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਦਰਿਆ ਪਾਰ ਕਰਨ ਤੋਂ ਬਚਣ ਅਤੇ ਕਿਸਾਨਾਂ ਨੂੰ ਕਿਹਾ ਕਿ ਉਹ ਪਸ਼ੂਆਂ ਨੂੰ ਦਰਿਆ ਕੰਢੇ ਜਾਂ ਪਾਣੀ ਦੇ ਨੇੜੇ ਨਾ ਲੈ ਜਾਣ।