Punjab Weather: ਅੱਜ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਤਲੁਜ ਦਰਿਆ 'ਤੇ ਕੋਲ-ਡੈਮ ਤੋਂ ਪਾਣੀ ਛੱਡਿਆ ਗਿਆ। ਇਸ ਨਾਲ ਸਤਲੁਜ ਦੇ ਪਾਣੀ ਦਾ ਪੱਧਰ ਚਾਰ ਤੋਂ ਪੰਜ ਮੀਟਰ ਵਧ ਗਿਆ ਹੈ। ਇਸ ਦੇ ਮੱਦੇਨਜ਼ਰ, ਬਿਲਾਸਪੁਰ ਤੋਂ ਪੰਜਾਬ ਜਾਣ ਵਾਲੇ ਲੋਕਾਂ ਨੂੰ ਸਤਲੁਜ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਕਿੱਥੋਂ -ਕਿੱਥੋਂ ਵਗਦਾ ਹੈ ਸਤਲੁਜ ਦਰਿਆ
ਦੱਸ ਦਈਏ ਕਿ ਕੋਲ-ਡੈਮ ਛੱਡਣ ਤੋਂ ਪਾਣੀ ਛੱਡਣ ਬਾਅਦ, ਸਤਲੁਜ ਦਾ ਪਾਣੀ ਪੰਜਾਬ ਦੇ ਰੋਪੜ (ਰੂਪਨਗਰ) ਵਿੱਚ ਦਾਖਲ ਹੁੰਦਾ ਹੈ। ਰੋਪੜ ਤੋਂ ਪਰੇ, ਸਤਲੁਜ ਦਰਿਆ ਪੰਜਾਬ ਵਿੱਚ ਪੱਛਮ ਵੱਲ ਵਗਦਾ ਹੈ, ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘਦਾ ਹੈ। ਇਸ ਤੋਂ ਬਾਅਦ, ਇਹ ਹਰੀਕੇ-ਪੱਤਨ ਦੇ ਨੇੜੇ ਬਿਆਸ ਦਰਿਆ ਨਾਲ ਮਿਲਦਾ ਹੈ ਤੇ ਫਿਰ ਦੱਖਣ-ਪੱਛਮ ਵੱਲ ਮੁੜਦਾ ਹੈ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਗਦਾ ਹੈ। ਅੰਤ ਵਿੱਚ, ਇਹ ਦਰਿਆ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ ਤੇ ਬਹਾਵਲਪੁਰ ਦੇ ਨੇੜੇ ਚਨਾਬ ਦਰਿਆ ਵਿੱਚ ਮਿਲ ਜਾਂਦਾ ਹੈ।
ਹਿਮਾਚਲ ਵਿੱਚ ਹੋਰ ਮੀਂਹ ਦਾ ਅਲਰਟ
ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਧੁੱਪ ਜ਼ਰੂਰ ਹੈ ਅਤੇ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਕੱਲ੍ਹ ਤੋਂ ਪੱਛਮੀ ਗੜਬੜੀ ਫਿਰ ਸਰਗਰਮ ਹੋ ਰਹੀ ਹੈ। ਇਸ ਦੇ ਮੱਦੇਨਜ਼ਰ, 26 ਜੁਲਾਈ ਲਈ ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। 27 ਜੁਲਾਈ ਨੂੰ, ਕਿਨੌਰ ਅਤੇ ਲਾਹੌਲ ਸਪਿਤੀ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। 28 ਜੁਲਾਈ ਨੂੰ ਵੀ, 6 ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਕੁੱਲੂ ਅਤੇ ਮੰਡੀ ਵਿੱਚ ਮੀਂਹ ਦੀ ਸੰਭਾਵਨਾ ਹੈ।
ਹੁਣ ਤੱਕ 147 ਲੋਕਾਂ ਦੀ ਹੋ ਗਈ ਮੌਤ
ਇਸ ਮੌਨਸੂਨ ਸੀਜ਼ਨ ਵਿੱਚ ਹੁਣ ਤੱਕ ਆਮ ਨਾਲੋਂ 12 ਪ੍ਰਤੀਸ਼ਤ ਜ਼ਿਆਦਾ ਮੀਂਹ ਪਿਆ ਹੈ। ਰਾਜ ਵਿੱਚ ਭਾਰੀ ਮਾਨਸੂਨ ਬਾਰਿਸ਼ ਕਾਰਨ 1387 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਮਾਨਸੂਨ ਦੌਰਾਨ 147 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 27 ਲੋਕਾਂ ਦੀ ਜਾਨ ਜ਼ਮੀਨ ਖਿਸਕਣ, ਬੱਦਲ ਫਟਣ ਅਤੇ ਹੜ੍ਹਾਂ ਕਾਰਨ ਗਈ ਹੈ, ਜਦੋਂ ਕਿ 68 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿੱਚ ਹੋਈ ਹੈ।