ਫ਼ਿਰੋਜ਼ਪੁਰ: ਬੀਤੇ ਕਈ ਦਿਨਾਂ ਤੋਂ ਪੈ ਰਹੀ ਧੁੰਦ ਨੇ ਰੇਲਵੇ ਦੇ ਚੱਕੇ 'ਤੇ ਭਾਰ ਪਾ ਦਿੱਤਾ ਹੈ। ਫ਼ਿਰੋਜ਼ਪੁਰ ਡਵੀਜ਼ਨ ਅਧੀਨ ਆਉਂਦੀਆਂ 10 ਰੇਲਾਂ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ 8 ਰੇਲਾਂ ਦੇ ਰੂਟ ਬਦਲਣ ਦੇ ਨਾਲ-ਨਾਲ 190 ਤੋਂ ਜ਼ਿਆਦਾ ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਰੇਲਾਂ ਪਛੜਣ ਪਿਛੇ ਸਵਾਰੀਆਂ ਦੀ ਸੇਫਟੀ ਦਾ ਤਰਕ ਦਿੰਦਿਆਂ ਭਾਵੇਂ ਰੇਲਵੇ ਅਧਿਕਾਰੀਆਂ ਰੇਲਾਂ ਦੀ ਗਤੀ ਘਟਾਉਣ ਦੀ ਪੁਸ਼ਟੀ ਕਰ ਰਹੇ ਹਨ, ਪ੍ਰੰਤੂ ਦੂਰ-ਦੁਰਾਡੇ ਜਾਣ ਵਾਲੇ ਯਤਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬੇ ਦਿਖਾਈ ਦੇ ਰਹੇ ਹਨ। ਸਰਦੀ ਦੇ ਮੌਸਮ ਦੀ ਸ਼ੁਰੂਆਤ ਮੌਕੇ ਧੁੰਦ ਨੂੰ ਦੇਖਦਿਆਂ ਰੇਲਵੇ ਵਿਭਾਗ ਨੇ ਯਾਤਰੀਆਂ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਜਿੱਥੇ ਰੇਲਾਂ ਦੀ ਗਤੀ ਸੀਮਤ ਕਰ ਦਿੱਤੀ ਹੈ, ਉੱਥੇ ਦਰਜਨ ਦੇ ਕਰੀਬ ਰੇਲਾਂ ਨੂੰ ਕੁਝ ਸਮੇਂ ਲਈ ਬੰਦ ਕਰ ਕੇ 190 ਦੇ ਕਰੀਬ ਰੇਲਾਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਫ਼ਿਰੋਜ਼ਪੁਰ ਡਵੀਜ਼ਨ ਦੇ ਏ.ਡੀ.ਆਰ.ਐੱਮ. ਨਰੇਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਧੁੰਦ ਕਾਰਨ 10 ਰੇਲਾਂ ਰੱਦ ਕੀਤੀਆਂ ਗਈਆਂ ਹਨ, ਜਦਕਿ 8 ਦਾ ਰੂਟ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਮੁਸਾਫਰਾਂ ਦੀ ਸੁਖਮਈ ਯਾਤਰਾ ਦੇ ਮਨੋਰਥ ਨਾਲ ਰੇਲਾਂ ਦੀ ਗਤੀ ਸੀਮਤ ਕੀਤੀ ਗਈ ਹੈ। ਆਪਣੇ ਸਮੇਂ ਤੋਂ ਪਛੜ ਰਹੀਆਂ ਰੇਲਾਂ ਸਦਕਾ ਪ੍ਰੇਸ਼ਾਨ ਹੋਏ ਯਾਤਰੀ ਭਾਵੇਂ ਰੇਲਵੇ ਦੇ ਤਰਕ ਨੂੰ ਸਮਝਦੇ ਦਿਖਾਈ ਦਿੱਤੇ, ਪ੍ਰੰਤੂ ਯਾਤਰੀਆਂ ਦਾ ਤਰਕ ਹੈ ਕਿ ਬੁਲੇਟ ਟਰੇਨ ਚਲਾਉਣ ਦੇ ਸੁਫਨੇ ਦੇਖਣ ਵਾਲਾ ਭਾਰਤ ਰੇਲਾਂ ਨੂੰ ਸਮੇਂ ਸਿਰ ਵੀ ਆਪਣੇ ਸਟੇਸ਼ਨ 'ਤੇ ਨਹੀਂ ਪਹੁੰਚਾ ਸਕਦਾ। ਲੋਕਾਂ ਨੇ ਕਿਹਾ ਕਿ ਦੂਰ-ਦੁਰਾਡੇ ਜਾਣ ਲਈ ਜਿਥੇ ਲੰਬਾ ਸਮਾਂ ਰੇਲਾਂ ਦੇ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਉੱਥੇ ਆਪਣੀ ਮੰਜ਼ਿਲ 'ਤੇ ਪਹੁੰਚ ਘਰ ਵਾਪਸ ਆਉਣਾ ਵੀ ਵੱਡੀ ਮੁਸ਼ਕਿਲ ਸਾਬਿਤ ਹੁੰਦਾ ਹੈ।