ਬਠਿੰਡਾ : ਬਠਿੰਡਾ ਖਪਤਕਾਰ ਅਦਾਲਤ ਨੇ ਫੂਡ ਡਿਲੀਵਰੀ ਕੰਪਨੀ ਸਵਿਗੀ ਨੂੰ 11 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਬਠਿੰਡਾ ਦੇ ਥਰਮਲ ਦੇ ਰਹਿਣ ਵਾਲੇ ਮੋਹਿਤ ਗੁਪਤਾ ਦਾ ਹੈ। ਮੋਹਿਤ ਗੁਪਤਾ ਨੇ ਕਰੀਬ ਸਾਢੇ 9 ਵਜੇ ਸਵਿਗੀ ਦੀ ਵੈੱਬਸਾਈਟ ਤੋਂ ਰੋਲ ਆਰਡਰ ਕੀਤਾ ਸੀ ਅਤੇ 248 ਰੁਪਏ ਅਦਾ ਕੀਤੇ ਸਨ।
ਡਿਲੀਵਰੀ ਬੁਆਏ ਨੇ ਰੋਲ ਦੀ ਡਿਲੀਵਰੀ ਨਹੀਂ ਕਰਵਾਈ। ਜਦੋਂ 10 ਵਜੇ ਤੱਕ ਡਿਲੀਵਰੀ ਬੁਆਏ ਨਹੀਂ ਆਇਆ ਤਾਂ ਮੋਹਿਤ ਨੇ ਉਸ ਨੂੰ ਫੋਨ ਕੀਤਾ ਪਰ ਡਿਲੀਵਰੀ ਬੁਆਏ ਨੇ ਫੋਨ ਕੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੋਹਿਤ ਦਾ ਆਰਡਰ ਖੁਦ ਕੈਂਸਲ ਕਰ ਦਿੱਤਾ। ਇਸ 'ਤੇ ਸਵਿਗੀ ਨੇ ਅੱਧਾ ਪੇਮੈਂਟ ਕੱਟ ਲਿਆ ਅਤੇ ਬਾਕੀ ਪੈਸੇ ਮੋਹਿਤ ਦੇ ਖਾਤੇ 'ਚ ਵਾਪਸ ਕਰ ਦਿੱਤੇ।
ਮੋਹਿਤ ਨੇ ਵੀ Swiggy ਕਸਟਮਰ ਕੇਅਰ ਨਾਲ ਗੱਲ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਇਸ 'ਤੇ ਉਨ੍ਹਾਂ ਨੇ ਐਡਵੋਕੇਟ ਵਰੁਣ ਬਾਂਸਲ ਰਾਹੀਂ ਲੀਗਲ ਨੋਟਿਸ ਜਾਰੀ ਕਰਵਾਇਆ ਪਰ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਵਰੁਣ ਬਾਂਸਲ ਨੇ ਖਪਤਕਾਰ ਅਦਾਲਤ ਵਿੱਚ ਆਪਣਾ ਕੇਸ ਦਾਇਰ ਕੀਤਾ। ਇੱਥੇ ਸਵਿਗੀ ਨੇ ਦਲੀਲ ਦਿੱਤੀ ਕਿ ਸਾਡੇ ਡਿਲੀਵਰੀ ਬੁਆਏ ਨੂੰ ਮੋਹਿਤ ਦਾ ਪਤਾ ਨਹੀਂ ਮਿਲ ਸਕਿਆ, ਉਸ ਨੇ ਮੋਹਿਤ ਨੂੰ ਫੋਨ ਵੀ ਕੀਤਾ ਪਰ ਮੋਹਿਤ ਨੇ ਫੋਨ ਨਹੀਂ ਚੁੱਕਿਆ। ਹਾਲਾਂਕਿ ਕੰਪਨੀ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ।
ਵਰੁਣ ਬਾਂਸਲ ਵੱਲੋਂ ਡਿਲੀਵਰੀ ਬੁਆਏ ਨੂੰ ਕੀਤੀ ਗਈ ਕਾਲ ਦੇ ਸਬੂਤ ਅਦਾਲਤ ਵਿੱਚ ਦਿੱਤੇ ਗਏ। ਸਵਿੱਗੀ ਕੰਪਨੀ ਦੀ ਗਲਤੀ ਮੰਨਦਿਆਂ ਮੋਹਿਤ ਨੂੰ ਖਾਣਾ ਨਾ ਪਹੁੰਚਾਉਣ ਅਤੇ ਉਸ ਦੇ ਪੈਸੇ ਗੈਰ-ਕਾਨੂੰਨੀ ਢੰਗ ਨਾਲ ਕੱਟ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਨੂੰ ਸੇਵਾ ਵਿਚ ਕਮੀ ਮੰਨਦਿਆਂ ਮੋਹਿਤ ਗੁਪਤਾ ਨੂੰ 11 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ। ਨਾਲ ਹੀ ਇਸ ਆਰਡਰ ਨੂੰ 45 ਦਿਨਾਂ ਵਿੱਚ ਪੂਰਾ ਕਰਨ ਦੇ ਹੁਕਮ ਦਿੱਤੇ ਹਨ ਨਹੀਂ ਤਾਂ ਕੰਪਨੀ ਨੂੰ ਇਹ ਪੈਸੇ ਅੱਠ ਫੀਸਦੀ ਵਿਆਜ 'ਤੇ ਅਦਾ ਕਰਨੇ ਪੈਣਗੇ।