ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਦੇਰ ਰਾਤ ਕੁੱਟਮਾਰ ਦੇ ਮਾਮਲੇ 'ਚ ਇਲਾਜ ਲਈ ਆਏ ਨੌਜਵਾਨ ਦੀ ਕੁੱਟਮਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਛਾਣ 15 ਸਾਲਾ ਸ਼ਵਨ ਕੁਮਾਰ ਵਜੋਂ ਹੋਈ ਹੈ। ਸ਼ਵਨ ਆਪਣੇ ਭਰਾ ਸੁਮਿਤ ਦੇ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਹੋਇਆ ਸੀ।
ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਇੱਕ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ। ਉਸ ਦੇ ਪਿੱਛੇ ਕਰੀਬ 4 ਲੋਕ ਆਏ ,ਜਿਨ੍ਹਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਬਾਰੇ ਲੁਧਿਆਣਾ ਪੁੱਜੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਅਪਰਾਧਿਕ ਤੱਤਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਘਟਨਾ ਬਾਰੇ ਦੱਸਿਆ ਕਿ ਈਡਬਲਿਊਐਸ ਕਲੋਨੀ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਸਮਝੌਤਾ ਹੋ ਗਿਆ ਸੀ। ਇੱਕ ਧੜੇ ਦਾ ਇੱਕ ਲੜਕਾ ਮੁਲਾਹਿਜਾ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ। ਉਥੇ ਦੂਜੇ ਧੜੇ ਦੇ ਕੁਝ ਲੋਕ ਉਥੇ ਪਹੁੰਚ ਗਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੀੜਤ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਇਸ ਘਟਨਾ ਲਈ 6 ਲੋਕਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ 'ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਹਸਪਤਾਲ ਵਿੱਚ ਸੁਰੱਖਿਆ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕੁਝ ਕਮੀ ਹੈ, ਜਿਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।