ਪੰਜਾਬ ਸਰਕਾਰ ਦੀ ਫੋਰੈਂਸਿਕ ਮਾਹਰਾਂ ਦੀ ਟੀਮ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀ ਭਵਨ 'ਚ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਧਮਾਕੇ ਵਾਲੀ ਜਗ੍ਹਾ 'ਤੇ ਪਹੁੰਚ ਚੁੱਕੀ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਜਾਂਚ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਮੁੱਢਲੀ ਪੜਤਾਲ ਕਰ ਲਈ ਹੈ। ਓਧਰ ਕੇਂਦਰੀ ਜਾਂਚ ਏਜੰਸੀ ਐਨਆਈਏ ਘਟਨਾ ਸਥਾਨ 'ਤੇ ਪਹੰਚੀ। ਐਨਆਈਏ ਦੇ ਸੀਨੀਅਰ ਅਧਿਕਾਰੀਆਂ ਨੇ ਸਿੱਧਾ ਮੌਕੇ ਵਾਲੇ ਉਸ ਸਥਾਨ ਦਾ ਰੁਖ਼ ਕੀਤਾ ਹੈ ਜਿੱਥੇ ਗ੍ਰੇਨੇਡ ਸੁੱਟਿਆ ਗਿਆ। ਕੁਝ ਹੀ ਸਮੇਂ ਬਾਅਦ ਐਨਆਈਏ ਟੀਮ ਵਾਪਸ ਪਰਤ ਗਈ ਹੈ।
ਫੋਰੈਂਸਕ ਟੀਮ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਬਾਅਦ ਨਮੂਨੇ ਉਹ ਐੱਨਆਈਏ ਦੀ ਟੀਮ ਨਾਲ ਕੱਲ ਸਵੇਰੇ ਯਾਨੀ ਕਿ ਸੋਮਵਾਰ ਲੈਣਗੇ। ਟੀਮ ਦਾ ਕਹਿਣਾ ਹੈ ਕਿ ਰਾਤ ਵੇਲੇ ਹਨ੍ਹੇਰਾ ਹੋਣ ਕਾਰਨ ਨਮੂਨੇ ਨਹੀਂ ਲਏ ਜਾ ਸਕਦੇ। ਫੋਰੈਂਸਿਕ ਟੀਮ ਨੇ ਡੇਰੇ ਦੇ ਅੰਦਰ ਉਸ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਧਮਾਕਾ ਆਇਆ ਸੀ ਤੇ ਅੰਦਰ ਕੋਨੇ ਕੋਨੇ ਦੀ ਜਾਂਚ ਕੀਤੀ।
ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਹੁਣੇ ਇਸ ਵੇਲੇ ਹੀ ਨਮੂਨੇ ਲਵੇਗੀ ਪਰ ਫੋਰੈਂਸਿਕ ਮਾਹਰਾਂ ਦੀ ਮੰਨੀਏ ਤਾਂ ਉਹ ਇਸ ਕੰਮ ਨੂੰ ਤਸੱਲੀਬਖਸ਼ ਕਰਨਾ ਚਾਹੁੰਦੇ ਹਨ ਅਤੇ ਦਿਨ ਦੀ ਰੌਸ਼ਨੀ ਵਿੱਚ ਕੰਮ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਭਲਕੇ ਐਨਆਈਏ ਦੀ ਟੀਮ ਦੇ ਨਾਲ ਫੋਰੈਂਸਿਕ ਮਾਹਰਾਂ ਦੀ ਟੀਮ ਡੇਰੇ ਦੇ ਅੰਦਰੋਂ ਨਮੂਨੇ ਲਵੇਗੀ। ਜ਼ਿਕਰਯੋਗ ਹੈ ਕਿ ਅੱਜ ਹੋਏ ਗ੍ਰੇਨੇਡ ਹਮਲੇ ਚ 3 ਮੌਤਾਂ ਹੋ ਗਈਆਂ ਤੇ 21 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।